ਗ਼ਦਰ ਵਿਰਾਸਤ:ਸਾਢੇ ਤਿੰਨ ਦਹਾਕਿਆਂ ਦਾ ਸ਼ਾਨਾਮੱਤਾ ਸਫ਼ਰ
ਸਾਲ 1992 ਵਿਚ ਸ਼ੁਰੂ ਹੋਇਆ ‘ਮੇਲਾ ਗ਼ਦਰੀ ਬਾਬਿਆਂ ਦਾ’ ਭਲਕੇ ਵੀਰਵਾਰ ਤੋਂ ਆਪਣੇ 34ਵੇਂ ਦੌਰ ’ਚ ਦਾਖ਼ਲ ਹੋ ਰਿਹਾ ਹੈ। ਤਿੰਨ ਦਿਨ ਚੱਲਣ ਵਾਲੇ ਇਸ ਮੇਲੇ ਦਾ ਮੁੱਖ ਮਕਸਦ ਗ਼ਦਰ ਲਹਿਰ ਨਾਲ ਜੁੜੇ ਜੁਝਾਰੂਆਂ ਦੀ ਵਿਚਾਰਧਾਰਾ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਮਿਥਿਆ ਗਿਆ। ਇਹ ਮੇਲਾ ਵੱਖ-ਵੱਖ ਵੰਨਗੀਆਂ ਨਾਲ ਸਬੰਧਤ ਕਲਾ ਅਤੇ ਚੇਤਨਾ ਦੇ ਖੇਤਰਾਂ ਵਿੱਚ ਨਿਵੇਕਲੀ ਛਾਪ ਛੱਡਦਾ ਹੋਇਆ ਵੱਡੇ ਪੁਸਤਕ ਮੇਲੇ ਦੇ ਰੂਪ ਵਿੱਚ ਵੀ ਆਪਣੀ ਪਛਾਣ ਕਾਇਮ ਕਰ ਚੁੱਕਿਆ ਹੈ। ਇਹ ਮੇਲਾ ਹਰ ਸਾਲ ਆਜ਼ਾਦੀ ਘੁਲਾਟੀਆਂ ਨੂੰ ਸਮਰਪਿਤ ਹੁੰਦਾ ਹੈ। ਐਤਕੀਂ ਇਹ ਮੇਲਾ ਗ਼ਦਰ ਲਹਿਰ ਦੀ ਵੀਰਾਂਗਣਾ ਗੁਲਾਬ ਕੌਰ ਨੂੰ ਸਮਰਪਿਤ ਹੈ। ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਗ਼ਦਰ ਪਾਰਟੀ ਨੇ ਸਾਮਰਾਜੀ ਗ਼ੁਲਾਮੀ, ਲੁੱਟ ਤੇ ਅਨਿਆਂ ਵਿਰੁੱਧ ਸੰਘਰਸ਼ ਕਰ ਕੇ ਬਰਾਬਰੀ ਤੇ ਖ਼ੁਸ਼ਹਾਲੀ ਵਾਲੇ ਨਿਜ਼ਾਮ ਦੀ ਉਸਾਰੀ ਦਾ ਹੋਕਾ ਦਿੱਤਾ। ਇਤਿਹਾਸ ਦੇ ਪੰਨੇ ’ਤੇ ਪਹਿਲੀ ਨਵੰਬਰ ਦਾ ਦਿਨ ਵਿਸ਼ੇਸ਼ ਮਹੱਤਤਾ ਰੱਖਦਾ ਹੈ। ‘ਗ਼ਦਰ’ ਅਖ਼ਬਾਰ ਦੇ ਪਹਿਲੇ ਅੰਕ ਵਿਚ ਐਲਾਨਿਆ ਗਿਆ ਸੀ: ‘ਅੱਜ ਪੈਹਲੀ ਨਬੰਮਬਰ ਸਨ 1913 ਨੂੰ ਭਾਰਤ ਦੀ ਤਵਾਰੀਖ਼ ਵਿਚ ਇਕ ਨਵਾਂ ਸਮੰਤ ਚਲਦਾ ਹੈ। ਕਿਉਂਕਿ ਅੱਜ ਅੰਗਰੇਜ਼ੀ ਰਾਜ ਦੇ ਵਰੁਧ ਪਰਦੇਸ ਵਿਚੋਂ ਦੇਸੀ ਜੁਬਾਨ ਵਿਚ ਜੰਗ ਛਿੜਦੀ ਹੈ। ਅੱਜ ਦਾ ਦਿਨ ਸ਼ੁਭ ਹੈ। ਕਿ ਅੰਗਰੇਜ਼ੀ ਜੁਲਮ ਦੀ ਜੜ ਉਖਾੜਨ ਵਾਲਾ ਅੱਖਰ ਉਰਦੂ ਤੇ ਗੁਰਮੁਖੀ ਅਖਬਾਰ ਉਤੇ ਜਾਹਰ ਹੁੰਦਾ ਹੈ।... ਅੱਜ ਕਲਮ ਦੀ ਤਾਕਤ ਦੇ ਨਾਲ ਅੰਗਰੇਜ਼ੀ ਰਾਜ ਪੁਰ ਤੋਪ ਬੀੜ ਦਿਤੀ ਹੈ। ਜਿਸਦਾ ਨਾਸ਼ ਕਰੇ ਬਿਨਾਂ ਬੰਦ ਨਾ ਹੋਵੇਗੀ।... ਅਬ ਅੰਗਰੇਜ਼ਾਂ ਦੇ ਜ਼ੁਲਮ ਤੋਂ ਖਿਲਕੁਤ ਦੁਖੀ ਹੋ ਗਈ ਹੈ ਅਤੇ ਅਜਾਦੀ ਦੀ ਖਾਤਰ ਲੜਨ ਮਰਨ ਨੂੰ ਤਿਆਰ ਹੈ। ਏਸ ਗ਼ਦਰ ਦੀ ਖਾਤਰ ਹਰ ਏਕ ਹਿੰਦੋਸਤਾਨੀ ਦਾ ਤਿਆਰ ਹੋ ਜਾਨਾ ਧਰਮ ਹੈ।’ (ਸ਼ਬਦਜੋੜ ਜਿਉਂ ਦੇ ਤਿਉਂ ਰੱਖੇ ਗਏ ਹਨ)
ਅੱਜ ਜਦੋਂ ਪਹਿਲੀ ਨਵੰਬਰ 2025 ਨੂੰ ਮੁਲਕ ਦੇ ਹਾਲਾਤ ’ਤੇ ਨਜ਼ਰ ਮਾਰਦੇ ਹਾਂ ਤਾਂ ਦੇਸ਼ ਦੀ ਹਾਲਤ ਉਸ ਦੌਰ ਨਾਲੋਂ ਵੀ ਬਦਤਰ ਹੈ। ਦੇਸ਼ ਅਜਾਰੇਦਾਰ ਕਾਰਪੋਰੇਟ ਘਰਾਣਿਆਂ ਦੀ ਜਕੜ ਹੇਠ ਹੈ। ਲੋਕਾਂ ਨੂੰ ਫਿਰਕੂ ਲੀਹਾਂ ’ਤੇ ਵੰਡਿਆ ਜਾ ਰਿਹਾ ਹੈ। ਹਾਕਮਾਂ ਦੇ ਜਬਰ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਨੂੰ ਜੇਲ੍ਹਾਂ ’ਚ ਡੱਕਿਆ ਜਾ ਰਿਹਾ ਹੈ। ਇਨ੍ਹਾਂ ਹਾਲਾਤ ਵਿਚ ਗ਼ਦਰੀ ਬਾਬਿਆਂ ਦਾ 34ਵਾਂ ਮੇਲਾ ਇਨ੍ਹਾਂ ਸ਼ਕਤੀਆਂ ਦੇ ਨਾਸ ਲਈ ਸੰਘਰਸ਼ ਪ੍ਰਚੰਡ ਕਰਨ ਦਾ ਹੋਕਾ ਦੇ ਰਿਹਾ ਹੈ।
