ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ’ਚ ਜੀਡੀਪੀ 7.8 ਫ਼ੀਸਦ
ਭਾਰਤ ਦੀ ਆਰਥਿਕ ਵਿਕਾਸ ਦਰ (ਜੀਡੀਪੀ) ਮੌਜੂਦਾ ਵਿੱਤੀ ਵਰ੍ਹੇ ਦੀ ਅਪਰੈਲ-ਜੂਨ ਤਿਮਾਹੀ ’ਚ 7.8 ਫ਼ੀਸਦ ਰਹੀ। ਅਮਰੀਕਾ ਵੱਲੋਂ ਟੈਰਿਫ਼ ਲਗਾਏ ਜਾਣ ਤੋਂ ਪਹਿਲਾਂ ਦੀਆਂ ਪੰਜ ਤਿਮਾਹੀਆਂ ’ਚ ਇਹ ਸਭ ਤੋਂ ਜ਼ਿਆਦਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਪਹਿਲੀ ਤਿਮਾਹੀ ’ਚ ਮੁੱਖ ਤੌਰ ’ਤੇ ਖੇਤੀ ਖੇਤਰ ਦੇ ਵਧੀਆ ਪ੍ਰਦਰਸ਼ਨ ਕਾਰਨ ਵਿਕਾਸ ਦਰ ’ਚ ਵਾਧਾ ਦਰਜ ਹੋਇਆ ਹੈ। ਭਾਰਤ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਮੁੱਖ ਅਰਥਚਾਰਾ ਬਣਿਆ ਹੋਇਆ ਹੈ ਕਿਉਂਕਿ ਅਪਰੈਲ-ਜੂਨ ’ਚ ਚੀਨ ਦੀ ਵਿਕਾਸ ਦਰ 5.2 ਫ਼ੀਸਦ ਰਹੀ ਹੈ। ਅੰਕੜਿਆਂ ਮੁਤਾਬਕ ਇਸ ਤੋਂ ਪਹਿਲਾਂ ਸਭ ਤੋਂ ਵੱਧ ਜੀਡੀਪੀ 2024 ਦੀ ਜਨਵਰੀ-ਮਾਰਚ ਤਿਮਾਹੀ ’ਚ 8.4 ਫ਼ੀਸਦ ਦਰਜ ਹੋਈ ਸੀ। ਕੌਮੀ ਅੰਕੜਾ ਦਫ਼ਤਰ (ਐੱਨਐੱਸਓ) ਦੇ ਅੰਕੜਿਆਂ ਮੁਤਾਬਕ ਖੇਤੀ ਖੇਤਰ ’ਚ 3.7 ਫ਼ੀਸਦ ਦਾ ਵਾਧਾ ਦਰਜ ਕੀਤਾ ਗਿਆ, ਜੋ 2024-25 ਦੀ ਅਪਰੈਲ-ਜੂਨ ਤਿਮਾਹੀ ’ਚ 1.5 ਫ਼ੀਸਦ ਸੀ। ਵਿੱਤੀ ਵਰ੍ਹੇ 2025-26 ਦੀ ਪਹਿਲੀ ਤਿਮਾਹੀ ’ਚ ਮੈਨੂਫੈਕਚਰਿੰਗ ਖੇਤਰ ਦੀ ਵਿਕਾਸ ਦਰ ਮਾਮੂਲੀ ਤੌਰ ’ਤੇ ਵੱਧ ਕੇ 7.7 ਫ਼ੀਸਦ ਹੋ ਗਈ ਜਦਕਿ ਇਕ ਸਾਲ ਪਹਿਲਾਂ ਇਸੇ ਤਿਮਾਹੀ ’ਚ ਇਹ 7.6 ਫ਼ੀਸਦ ਦਰਜ ਹੋਈ ਸੀ। ਇਸ ਦੌਰਾਨ ਮੁੱਖ ਆਰਥਿਕ ਸਲਾਹਕਾਰ ਵੀ. ਅਨੰਤ ਨਾਗੇਸ਼ਵਰਨ ਨੇ ਕਿਹਾ ਕਿ ਜੀਐੱਸਟੀ ਦਰਾਂ ’ਚ ਪ੍ਰਸਤਾਵਿਤ ਕਟੌਤੀ ਨਾਲ ਚਾਲੂ ਵਿੱਤੀ ਵਰ੍ਹੇ ’ਚ ਵਿਕਾਸ ਦਰ 6.3-6.8 ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਭਾਰਤੀ ਵਸਤਾਂ ’ਤੇ ਲਗਾਇਆ ਗਿਆ 25 ਫ਼ੀਸਦ ਵਾਧੂ ਟੈਰਿਫ਼ ਥੋੜ੍ਹੇ ਸਮੇਂ ਲਈ ਹੀ ਰਹੇਗਾ। -ਪੀਟੀਆਈ