Gaza ceasefire resolution: ਕਾਂਗਰਸ ਵੱਲੋਂ UN ’ਚ ਗਾਜ਼ਾ ਜੰਗਬੰਦੀ ਮਤੇ ਤੋਂ ਲਾਂਭੇ ਰਹਿਣ ਲਈ ਸਰਕਾਰ ਦੀ ਆਲੋਚਨਾ
ਨਵੀਂ ਦਿੱਲੀ, 14 ਜੂਨ
ਕਾਂਗਰਸ ਨੇ ਗਾਜ਼ਾ ’ਚ ਜੰਗਬੰਦੀ ਲਈ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ (UNGA) ਦੇ ਮਤੇ ਦੌਰਾਨ ਵੋਟਿੰਗ ਤੋਂ ਦੂਰ ਰਹਿਣ ਲਈ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਹੈ ਅਤੇ ਭਾਰਤ ਦੀ ਵਿਦੇਸ਼ ਨੀਤੀ ’ਚ ਖ਼ਾਮੀਆਂ ਦਾ ਦੋਸ਼ ਲਗਾਇਆ ਹੈ।
ਵਿਰੋਧੀ ਧਿਰ ਨੇ ਸਰਕਾਰ ਤੋਂ ਇਸ ਗੱਲ ’ਤੇ ਵੀ ਜਵਾਬ ਮੰਗਿਆ ਹੈ ਕਿ ਕੀ ਭਾਰਤ ਨੇ ਨਿਆਂ ਲਈ, ਕਤਲੇਆਮ ਅਤੇ ਜੰਗ ਦੇ ਖ਼ਿਲਾਫ ਆਪਣੇ ਸਿਧਾਂਤਾਂ ਨੂੰ ਤਿਆਗ ਦਿੱਤਾ ਹੈ?
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ, ‘‘ਇਹ ਹੁਣ ਸਪੱਸ਼ਟ ਹੋ ਰਿਹਾ ਹੈ ਕਿ ਸਾਡੀ ਵਿਦੇਸ਼ ਨੀਤੀ ਵਿੱਚ ਕਮੀਆਂ ਉਜਾਗਰ ਹੋ ਰਹੀਆਂ ਹਨ। ਪ੍ਰਧਾਨ ਮੰਤਰੀ ਮੋਦੀ ਨੂੰ ਵਿਦੇਸ਼ ਮੰਤਰੀ ਵੱਲੋਂ ਵਾਰ-ਵਾਰ ਕੀਤੀਆਂ ਜਾ ਰਹੀਆਂ ਗਲਤੀਆਂ ਲਈ ਜਵਾਬਦੇਹੀ ਤੈਅ ਕਰਨੀ ਚਾਹੀਦੀ ਹੈ।’’
ਸੋਸ਼ਲ ਮੀਡੀਆ ਪਲੈਟਮਾਰਮ ਐਕਸ X ’ਤੇ ਇਕ ਪੋਸਟ ਵਿਚ ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਆਮ ਸਭਾ ’ਚ ਗਾਜ਼ਾ ਵਿੱਚ ਜੰਗਬੰਦੀ ਲਈ ਮਤੇ ਦੇ ਹੱਕ ਵਿਚ 149 ਦੇਸ਼ਾਂ ਨੇ ਵੋਟ ਪਾਈ ਜਦਕਿ ਭਾਰਤ ਉਨ੍ਹਾਂ 19 ਮੁਲਕਾਂ ’ਚ ਸ਼ੁਮਾਰ ਸੀ ਜੋ ਇਸ ਮੌਕੇ ਗੈਰ-ਹਾਜ਼ਰ ਰਹੇ।
ਇਸ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ 193 ਮੈਂਬਰਾਂ ਵੀ ਵੱਡੀ ਗਿਣਤੀ ਨੇ ਸੰਯੁਕਤ ਰਾਸ਼ਟਰ ਦੀ ਮਹਾਸਭਾ ’ਚ ਸਪੇਨ ਵੱਲੋਂ ਫ਼ੌਰੀ, ਬਿਨਾਂ ਸ਼ਰਤ ਤੇ ਪੱਕੀ ਜੰਗਬੰਦੀ ਲਈ ਪੇਸ਼ ਇਸ ਮਤੇ ਲਈ ਵੋਟਿੰਗ ਵਿਚ ਹਿੱਸਾ ਲਿਆ। -ਪੀਟੀਆਈ