ਜਲੰਧਰ-ਹੁਸ਼ਿਆਰਪੁਰ ਰੋਡ ’ਤੇ ਗੈਸ ਟੈਂਕਰ ਪਲਟਿਆ, ਦੋ ਮੌਤਾਂ
ਇੱਥੇ ਜਲੰਧਰ-ਹੁਸ਼ਿਆਰਪੁਰ ਰੋਡ ’ਤੇ ਪਿੰਡ ਮੰਡਿਆਲਾ ਦੇ ਬੱਸ ਅੱਡੇ ’ਤੇ ਅੱਜ ਰਾਤੀਂ 10 ਵਜੇ ਦੇ ਕਰੀਬ ਗੈਸ ਵਾਲਾ ਟੈਂਕਰ ਪਲਟਣ ਕਾਰਨ ਪਹਿਲਾਂ ਗੈਸ ਲੀਕ ਹੋਈ ਤੇ ਮਗਰੋਂ ਜ਼ੋਰਦਾਰ ਧਮਾਕਾ ਹੋਇਆ, ਜਿਸ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 30 ਤੋਂ 35 ਵਿਅਕਤੀ ਝੁਲਸ ਗਏ। ਇਨ੍ਹਾਂ ਵਿੱਚੋਂ 8 ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਬੱਸ ਅੱਡੇ ਵਿਚਲੇ ਘਰਾਂ ਨੂੰ ਅੱਗ ਲੱਗ ਗਈ ਤੇ ਲੋਕਾਂ ਨੂੰ ਬਾਹਰ ਨਿਕਲਣ ਦਾ ਵੀ ਮੌਕਾ ਵੀ ਨਹੀਂ ਮਿਲਿਆ। ਖ਼ਬਰ ਲਿਖੇ ਜਾਣ ਤੱਕ ਜਲੰਧਰ-ਹੁਸ਼ਿਆਰਪੁਰ ਸੋਨਾਲੀਕਾ ਟਰੈਕਟਰ ਤੇ ਏਅਰ ਫੋਰਸ ਸਟੇਸ਼ਨ ਦੀਆਂ ਗੱਡੀਆਂ ਮੌਕੇ ’ਤੇ ਪੁੱਜ ਕੇ ਅੱਗੇ ਬੁਝਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਸਨ। ਜ਼ਖ਼ਮੀਆਂ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਹਤਿਆਤ ਵਜੋਂ ਜਲੰਧਰ-ਹੁਸ਼ਿਆਰਪੁਰ ਰੋਡ ਬੰਦ ਕਰ ਦਿੱਤੀ ਗਈ ਹੈ। ਮੌਕੇ ’ਤੇ ਪੁਲੀਸ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ’ਤੇ ਪੁੱਜ ਗਏ ਸਨ। ਹਾਦਸੇ ਦਾ ਪਤਾ ਲੱਗਦੇ ਹੀ ਨੇੜਲੇ ਇਲਾਕੇ ਦੇ ਲੋਕ ਇਕੱਠੇ ਹੋ ਗਏ ਤੇ ਉਨ੍ਹਾਂ ਰਾਹਤ ਤੇ ਬਚਾਅ ਕਾਰਜਾਂ ਵਿਚ ਮਦਦ ਕੀਤੀ। ਹਾਦਸਾ ਇੰਨਾ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਦੂਰੋਂ ਦੇਖੀਆਂ ਜਾ ਸਕਦੀਆਂ ਸਨ।