ਪਰਾਲੀ ਨਾਲ 270 ਕਰੋੜ ਦਾ ਗੈਸ ਉਤਪਾਦਨ ਸੰਭਵ
ਭਾਰਤੀ ਬਾਇਓਗੈਸ ਐਸੋਸੀਏਸ਼ਨ ਨੇ ਅੱਜ ਇੱਥੇ ਕਿਹਾ ਕਿ ਕਿਸਾਨਾਂ ਵੱਲੋਂ ਸਾੜੀ ਜਾ ਰਹੀ 73 ਲੱਖ ਟਨ ਝੋਨੇ ਦੀ ਪਰਾਲੀ ਜੇ ਬਾਇਓਗੈਸ ਪਲਾਂਟਾਂ ’ਚ ਵਰਤੀ ਜਾਵੇ ਤਾਂ ਇਸ ਨਾਲ ਹਰ ਸਾਲ ਤਕਰੀਬਨ 270 ਕਰੋੜ ਰੁਪਏ ਮੁੱਲ ਦੀ ਨਵਿਆਉਣਯੋਗ ਗੈਸ ਦਾ ਉਦਪਾਦਨ ਕੀਤਾ ਜਾ ਸਕਦਾ ਹੈ।
ਐਸੋਸੀਏਸ਼ਨ ਦੇ ਬਿਆਨ ਅਨੁਸਾਰ ਆਧੁਨਿਕ ਐਨਐਰੋਬਿਕ ਡਾਈਜੈਸ਼ਨ ਪ੍ਰਕਿਰਿਆ ਫਸਲ ਦੀ ਇਸ ਰਹਿੰਦ-ਖੂੰਹਦ ਨੂੰ ਬਹੁਤ ਹੀ ਅਸਰਦਾਰ ਢੰਗ ਨਾਲ ਕੰਪਰੈਸਡ ਬਾਇਓਗੈਸ (ਸੀ ਬੀ ਜੀ) ’ਚ ਬਦਲ ਸਕਦੀ ਹੈ ਜੋ ਦਰਾਮਦ ਕੀਤੀ ਜਾਣ ਵਾਲੀ ਕੁਦਰਤੀ ਗੈਸ ਦੀ ਸਿੱਧੀ ਥਾਂ ਲੈ ਸਕਦੀ ਹੈ। ਬਿਆਨ ’ਚ ਇਹ ਵੀ ਕਿਹਾ ਗਿਆ ਹੈ ਕਿ ਊਰਜਾ ਉਤਪਾਦਨ ਤੋਂ ਇਲਾਵਾ ਝੋਨੇ ਦੀ ਪਰਾਲੀ 40 ਫੀਸਦ ਸੈਲੂਲੋਜ਼ ਸਮੱਗਰੀ ਹੋਣ ਕਾਰਨ ਬਾਇਓਐਥੇਨੌਲ ਬਣਾਉਣ ਲਈ ਵੀ ਬਹੁਤ ਚੰਗੀ ਹੈ।
ਐਸੋਸੀਏਸ਼ਨ ਨੇ ਦਾਅਵਾ ਕੀਤਾ ਕਿ ਇਸ ਨਾਲ ਤਰੀਬਨ 1600 ਕਰੋੜ ਰੁਪਏ ਦੀ ਦਰਾਮਦ ਘਟਣ ਦੀ ਸੰਭਾਵਨਾ ਹੈ। ਨਾਲ ਬਾਕੀ 20 ਫੀਸਦ ਲਿਗਨਿਨ ਤੱਤ ਨਾਲ ਉੱਚ ਮੁੱਲ ਵਾਲੇ ਉਤਪਾਦ ਤਿਆਰ ਕੀਤੇ ਜਾ ਸਕਦੇ ਹਨ। ਐਸੋਸੀਏਸ਼ਨ ਦੇ ਚੇਅਰਮੈਨ ਗੌਰਵ ਕੇਡੀਆ ਨੇ ਕਿਹਾ, ‘‘ਇਹ ਨੀਤੀ 2028-29 ਤੱਕ 37,500 ਕਰੋੜ ਰੁਪਏ ਦਾ ਨਿਵੇਸ਼ ਲਿਆ ਸਕਦੀ ਹੈ ਤੇ ਦੇਸ਼ ਅੰਦਰ 750 ਸੀ ਬੀ ਜੀ ਪਲਾਂਟ ਸਥਾਪਤ ਕਰਨ ’ਚ ਮਦਦ ਕਰੇਗੀ। ਇਸ ਨਾਲ ਐੱਲ ਐੱਨ ਜੀ ਦੀ ਦਰਾਮਦ ’ਚ ਕਮੀ ਆਵੇਗੀ, ਵਿਦੇਸ਼ੀ ਮੁਦਰਾ ਦੀ ਬਚਤ ਹੋਵੇਗੀ ਤੇ 2027 ਤੱਕ ਕੌਮਾਂਤਰੀ ਉਡਾਣਾਂ ’ਚ ਇੱਕ ਫੀਸਦ ਟਿਕਾਊ ਜਹਾਜ਼ ਈਂਧਨ ਮਿਲਣ ਦਾ ਟੀਚਾ ਹਾਸਲ ਕੀਤਾ ਜਾ ਸਕੇਗਾ।’’
