ਮਹਾਰਾਸ਼ਟਰ ਦੇ ਕੋਲ੍ਹਾਪੁਰ ਵਿਚ TET ਪੇਪਰ ਲੀਕ ਕਰਨ ਵਾਲਾ ਗਰੋਹ ਬੇਨਕਾਬ, 18 ਗ੍ਰਿਫ਼ਤਾਰ
ਪੁਲੀਸ ਨੇ ਮਹਾਰਾਸ਼ਟਰ ਦੇ ਕੋਲ੍ਹਾਪੁਰ ਜ਼ਿਲ੍ਹੇ ਵਿਚ ਅਧਿਆਪਕ ਯੋਗਤਾ ਟੈਸਟ (TET) ਦਾ ਪ੍ਰਸ਼ਨ ਪੱਤਰ ਲੀਕ ਕਰਨ ਤੇ ਉਮੀਦਵਾਰਾਂ ਨੂੰ ਧੋਖਾਧੜੀ ਨਾਲ ਪ੍ਰੀਖਿਆ ਪਾਸ ਕਰਵਾਉਣ ਵਿਚ ਕਥਿਤ ਤੌਰ ’ਤੇ ਸ਼ਾਮਲ ਇੱਕ ਗਰੋਹ ਨੂੰ ਬੇਨਕਾਬ ਕੀਤਾ ਹੈ। ਇਹ ਪ੍ਰੀਖਿਆ 23 ਨਵੰਬਰ ਨੂੰ ਲਈ ਗਈ ਸੀ। ਪ੍ਰਾਇਮਰੀ ਤੇ ਅੱਪਰ ਪ੍ਰਾਇਮਰੀ ਸਕੂਲਾਂ ਵਿਚ ਅਧਿਆਪਕਾਂ ਦੀ ਭਰਤੀ ਲਈ TET ਦੀ ਪ੍ਰੀਖਿਆ ਪਾਸ ਕਰਨੀ ਲਾਜ਼ਮੀ ਹੈ।
ਪ੍ਰੀਖਿਆ ਦੀ ਪੂਰਬਲੀ ਸੰਧਿਆ ਕੁਝ ਵਿਅਕਤੀਆਂ ਵੱਲੋਂ ਪੈਸਿਆਂ ਲਈ ਪ੍ਰਸ਼ਨ ਪੱਤਰ ਵੰਡੇ ਜਾਣ ਦੀ ਸੂਚਨਾ ਮਿਲਣ ’ਤੇ ਪੁਲੀਸ ਫੌਰੀ ਹਰਕਤ ਵਿੱਚ ਆ ਗਈ ਅਤੇ ਕਈ ਮਸ਼ਕੂਕਾਂ ਨੂੰ ਹਿਰਾਸਤ ਵਿੱਚ ਲੈ ਲਿਆ। ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਹੁਣ ਤੱਕ ਮੁੱਖ ਮੁਲਜ਼ਮ ਮਹੇਸ਼ ਗਾਇਕਵਾੜ ਸਣੇ 18 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲੀਸ ਅਧਿਕਾਰੀ ਨੇ ਕਿਹਾ, ‘‘ਗੁਪਤ ਜਾਣਕਾਰੀ ਦੇ ਆਧਾਰ ’ਤੇ ਸਥਾਨਕ ਅਪਰਾਧ ਸ਼ਾਖਾ ਅਤੇ ਮੁਰਗੁੜ ਪੁਲੀਸ ਦੀ ਇੱਕ ਸਾਂਝੀ ਟੀਮ ਨੇ 23 ਨਵੰਬਰ ਦੀ ਸਵੇਰ ਨੂੰ ਕਾਗਲ ਤਹਿਸੀਲ ਦੇ ਸੋਂਗੇ ਪਿੰਡ ਵਿੱਚ ਫਰਨੀਚਰ ਦੀ ਦੁਕਾਨ ’ਤੇ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਪੰਜ ਉਮੀਦਵਾਰ, ਜਿਨ੍ਹਾਂ ਨੇ ਅਗਲੇ ਦਿਨ TET ਵਿਚ ਬੈਠਣਾ ਸੀ, ਮੌਕੇ ’ਤੇ ਮਿਲੇ। ਪੁੱਛਗਿੱਛ ਦੌਰਾਨ ਉਨ੍ਹਾਂ ਕਿਹਾ ਕਿ ਰਾਹੁਲ ਪਾਟਿਲ ਨਾਂ ਦੇ ਸ਼ਖ਼ਸ ਵੱਲੋਂ ਲੀਕ ਹੋਏ ਪ੍ਰਸ਼ਨ ਪੱਤਰ ਨਾਲ ਆਉਣ ਦੀ ਉਮੀਦ ਸੀ।’’
ਪੁਲੀਸ ਨੇ ਪਾਟਿਲ ਅਤੇ ਦੋ ਹੋਰਾਂ ਨੂੰ ਮਗਰੋਂ ਹਿਰਾਸਤ ਵਿੱਚ ਲੈ ਲਿਆ। ਪੁੱਛਗਿੱਛ ਦੌਰਾਨ ਪਾਟਿਲ ਨੇ ਕਥਿਤ ਕਬੂਲ ਕੀਤਾ ਕਿ ਗਾਇਕਵਾੜ ਨੇ ਉਸ ਨੂੰ ਟੀਈਟੀ ਪੇਪਰ ਦੇਣ ਦਾ ਵਾਅਦਾ ਕੀਤਾ ਸੀ, ਜੋ ਉਸ ਨੇ ਅੱਗੇ ਉਮੀਦਵਾਰਾਂ ਨੂੰ 3 ਲੱਖ ਰੁਪਏ ਵਿੱਚ ਦੇਣਾ ਸੀ। ਉਨ੍ਹਾਂ ਕਿਹਾ ਕਿ ਗਾਇਕਵਾੜ ਨੂੰ ਬਾਅਦ ਵਿੱਚ ਸਤਾਰਾ ਜ਼ਿਲ੍ਹੇ ਦੇ ਕਰਾੜ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਅਧਿਕਾਰੀ ਨੇ ਕਿਹਾ, ‘‘ਹੁਣ ਤੱਕ ਅਸੀਂ ਇਸ ਮਾਮਲੇ ਵਿੱਚ 18 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਜਾਂਚ ਅੱਗੇ ਵਧਣ ਦੇ ਨਾਲ-ਨਾਲ ਇਹ ਗਿਣਤੀ ਵੱਧ ਸਕਦੀ ਹੈ। ਅਸੀਂ ਘੁਟਾਲੇ ਨਾਲ ਜੁੜੇ ਵਿੱਤੀ ਲੈਣ-ਦੇਣ ਦੀ ਵੀ ਪੁਸ਼ਟੀ ਕਰ ਰਹੇ ਹਾਂ।’’
