ਗਗਨਯਾਨ ਮਿਸ਼ਨ ਭਾਰਤ ਦੇ ਨਵੇਂ ਅਧਿਆਇ ਦਾ ਪ੍ਰਤੀਕ: ਰਾਜਨਾਥ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਅਤੇ ਤਿੰਨ ਹੋਰ ਚੁਣੇ ਗਏ ਪੁਲਾੜ ਯਾਤਰੀਆਂ ਨੂੰ ਦੇਸ਼ ਦੇ ‘ਰਤਨ’ ਦੱਸਿਆ ਅਤੇ ਕਿਹਾ ਕਿ ਗਗਨਯਾਨ ਮਿਸ਼ਨ ਆਤਮ-ਨਿਰਭਰ ਭਾਰਤ ਦੀ ਯਾਤਰਾ ਵਿੱਚ ਇੱਕ ‘ਨਵਾਂ ਅਧਿਆਇ’ ਹੈ। ਸਿੰਘ ਨੇ ਇੱਥੇ ਸੁਬਰੋਤੋ ਪਾਰਕ ਵਿੱਚ ਭਾਰਤੀ ਹਵਾਈ ਸੈਨਾ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਚਾਰ ਪੁਲਾੜ ਯਾਤਰੀਆਂ ਦਾ ਸਨਮਾਨ ਕੀਤਾ। ਇਹ ਸਮਾਰੋਹ ‘ਐਕਸੀਓਮ 4’ ਮਿਸ਼ਨ ਦੀ ਸਫਲਤਾ ਤੋਂ ਬਾਅਦ ਹੋਇਆ ਹੈ ਜਿਸ ਵਿੱਚ ਸ਼ੁਕਲਾ ਵੀ ਸ਼ਾਮਲ ਸੀ। ਚੁਣੇ ਗਏ ਚਾਰ ਪੁਲਾੜ ਯਾਤਰੀਆਂ ਵਿੱਚ ਗਰੁੱਪ ਕੈਪਟਨ ਪ੍ਰਸ਼ਾਂਤ ਬਾਲਾਕ੍ਰਿਸ਼ਨਨ ਨਾਇਰ, ਗਰੁੱਪ ਕੈਪਟਨ ਅਜੀਤ ਕ੍ਰਿਸ਼ਨਨ, ਗਰੁੱਪ ਕੈਪਟਨ ਅੰਗਦ ਪ੍ਰਤਾਪ ਅਤੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਸ਼ਾਮਲ ਹਨ। ਉਨ੍ਹਾਂ ਦੇ ਨਾਵਾਂ ਦਾ ਖੁਲਾਸਾ ਪਹਿਲੀ ਵਾਰ ਫਰਵਰੀ 2024 ਵਿੱਚ ਤਿਰੂਵਨੰਤਪੁਰਮ ਦੇ ਵਿਕਰਮ ਸਾਰਾਭਾਈ ਪੁਲਾੜ ਕੇਂਦਰ (ਵੀਐੱਸਐੱਸਸੀ) ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਕੀਤਾ ਗਿਆ ਸੀ। ਮੋਦੀ ਨੇ 2018 ਵਿੱਚ ਗਗਨਯਾਨ ਪ੍ਰਾਜੈਕਟ ਦਾ ਰਸਮੀ ਐਲਾਨ ਕੀਤਾ ਸੀ। ਇਸ ਪ੍ਰਾਜੈਕਟ ਦਾ ਉਦੇਸ਼ 2027 ਵਿੱਚ ਤਿੰਨ ਦਿਨਾਂ ਦੇ ਮਿਸ਼ਨ ਲਈ ਤਿੰਨ ਮੈਂਬਰੀ ਚਾਲਕ ਦਲ ਨੂੰ 400 ਕਿਲੋਮੀਟਰ ਦੇ ਪੰਧ ਵਿੱਚ ਭੇਜਣਾ ਹੈ।
ਰਾਜਨਾਥ ਸਿੰਘ ਨੇ ਇਸਰੋ ਦੇ ਪਹਿਲੇ ਮਨੁੱਖੀ ਪੁਲਾੜ ਉਡਾਣ ਮਿਸ਼ਨ ਵਿੱਚ ਸ਼ਾਮਲ ਚਾਰ ਗਗਨਯਾਤਰੀਆਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਬਾਅਦ ਵਿੱਚ ਆਪਣੇ ਸੰਬੋਧਨ ਦੌਰਾਨ ਇਨ੍ਹਾਂ ਚਾਰੋਂ ਗਗਨਯਾਤਰੀਆਂ ਨੂੰ ਦੇਸ਼ ਦੇ ‘ਰਤਨ’ ਅਤੇ ਦੇਸ਼ ਦੀਆਂ ਆਸਾਂ ਦੇ ਮੋਹਰੀ ਦੱਸਿਆ। ਹਵਾਈ ਸੈਨਾ ਦੇ ਆਡੀਟੋਰੀਅਮ ਵਿੱਚ ਹੋਏ ਇਸ ਪ੍ਰੋਗਰਾਮ ਵਿੱਚ ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਅਤੇ ਭਾਰਤੀ ਹਵਾਈ ਫੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਏਪੀ ਸਿੰਘ ਵੀ ਸ਼ਾਮਲ ਹੋਏ।
ਬਚਪਨ ਵਿੱਚ ਰਾਕੇਸ਼ ਸ਼ਰਮਾ ਦੀ ਪੁਲਾੜ ਯਾਤਰਾ ਦੀਆਂ ਕਹਾਣੀਆਂ ਸੁਣਦੇ ਸੀ: ਸ਼ੁਕਲਾ
ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ, “ਮੈਂ ਸ਼ਰਮੀਲਾ ਅਤੇ ਚੁੱਪ ਰਹਿਣ ਵਾਲਾ ਵਿਅਕਤੀ ਸੀ। ਅਸੀਂ ਆਪਣੇ ਬਚਪਨ ਦੇ ਦਿਨਾਂ ਵਿੱਚ ਰਾਕੇਸ਼ ਸ਼ਰਮਾ ਦੀ ਪੁਲਾੜ ਯਾਤਰਾ ਦੀਆਂ ਕਹਾਣੀਆਂ ਸੁਣਦੇ ਸੀ।” ਸ਼ੁਕਲਾ ਨੇ ਉਨ੍ਹਾਂ ਵਿੱਚ ਆਈ ਤਬਦੀਲੀ ਲਈ ਭਾਰਤੀ ਹਵਾਈ ਸੈਨਾ ਦਾ ਧੰਨਵਾਦ ਕਰਦੇ ਹੋਏ ਕਿਹਾ, ‘‘ਆਮ ਤੌਰ ’ਤੇ ਭਾਰਤੀ ਹਵਾਈ ਸੈਨਾ ਅਤੇ ਖਾਸ ਤੌਰ ’ਤੇ ਕੌਕਪਿਟ, ਮੇਰੇ ਜੀਵਨ ਵਿੱਚ ਮਹਾਨ ਅਧਿਆਪਕ ਰਹੇ ਹਨ।’’ ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ, ‘‘ਸ਼ੁਰੂ ਵਿੱਚ ਮੈਂ ਫੌਜ ਵਿੱਚ ਸ਼ਾਮਲ ਹੋਣ ਦਾ ਇਰਾਦਾ ਨਹੀਂ ਰੱਖਦਾ ਸੀ, ਪਰ ਮੈਂ ਹੋਇਆ। ਮੈਂ ਇੱਕ ਫਾਰਮ ਭਰਿਆ ਜੋ ਮੇਰੇ ਦੋਸਤ ਨੇ ਖਰੀਦਿਆ ਸੀ ਅਤੇ ਆਖ਼ਰਕਾਰ ਇੱਕ ਚੀਜ਼ ਤੋਂ ਬਾਅਦ ਦੂਜੀ ਹੋਈ ਅਤੇ ਮੈਂ ਐੱਨਡੀਏ (ਨੈਸ਼ਨਲ ਡਿਫੈਂਸ ਅਕੈਡਮੀ) ਵਿੱਚ ਪਹੁੰਚ ਗਿਆ।’’