ਤਿਲੰਗਾਨਾ ’ਚ ਮੁਫ਼ਤ ਕੌਰਨੀਆ ਟਰਾਂਸਪੋਰਟ ਸੇਵਾ ਸ਼ੁਰੂ
ਇਸ ਪਹਿਲਕਦਮੀ ਤਹਿਤ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਦਾਨੀਆਂ ਤੋਂ ਇਕੱਠੇ ਕੀਤੇ ਕੌਰਨੀਆ ਨੂੰ TGSRTC ਬੱਸਾਂ ਰਾਹੀਂ ਮੁਫ਼ਤ ਵਿੱਚ ਹੈਦਰਾਬਾਦ ਪਹੁੰਚਾਇਆ ਜਾਵੇਗਾ।
ਇੱਕ ਪ੍ਰੈੱਸ ਬਿਆਨ ਅਨੁਸਾਰ ਇਸ ਉਦੇਸ਼ ਲਈ TGSRTC ਨੇ ‘ਨੈੱਟਵਰਕ ਟੂ ਸਾਈਟ’ ਪ੍ਰੋਗਰਾਮ ਤਹਿਤ ਸਰਕਾਰੀ ਸੰਚਾਲਿਤ ਸਰੋਜਨੀ ਦੇਵੀ ਆਈ ਹਸਪਤਾਲ ਨਾਲ ਇੱਕ ਸਮਝੌਤਾ ਪੱਤਰ ’ਤੇ ਹਸਤਾਖਰ ਕੀਤੇ।
ਇਸ ਸਮਝੌਤੇ ’ਤੇ ਹਸਪਤਾਲ ਦੇ ਵਿਹੜੇ TGSRTC ਦੇ ਮੈਨੇਜਿੰਗ ਡਾਇਰੈਕਟਰ ਵੀ.ਸੀ. ਸੱਜਨਾਰ ਅਤੇ ਸਰੋਜਨੀ ਦੇਵੀ ਆਈ ਹਸਪਤਾਲ ਦੇ ਸੁਪਰਡੈਂਟ ਡਾ. ਮੋਡਿਨੀ ਪੀ. ਨੇ ਹਸਤਾਖਰ ਕੀਤੇ।
ਸਮਝੌਤੇ ਮੁਤਾਬਕ ਸਰਕਾਰੀ ਹਸਪਤਾਲਾਂ ਤੋਂ ਇਕੱਠੇ ਕੀਤੇ ਕੌਰਨੀਆ ਨੂੰ ਬਰਫ਼ ਦੇ ਡੱਬਿਆਂ ਵਿੱਚ ਰੱਖਿਆ ਜਾਵੇਗਾ ਅਤੇ TGSRTC ਲੌਜਿਸਟਿਕ ਕਾਊਂਟਰਾਂ ਨੂੰ ਸੌਂਪਿਆ ਜਾਵੇਗਾ।
ਇਸ ਮਗਰੋਂ TGSRTC ਦਾ ਅਮਲਾ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਹੈਦਰਾਬਾਦ ਪਹੁੰਚਾਵੇਗਾ, ਜਿੱਥੇ ਸਰੋਜਨੀ ਦੇਵੀ ਆਈ ਹਸਪਤਾਲ ਦੇ ਸਟਾਫ ਬਕਸੇ ਇਕੱਠੇ ਕਰਨਗੇ ਅਤੇ ਲੋੜਵੰਦ ਮਰੀਜ਼ਾਂ ਲਈ ਅੱਖਾਂ ਦੇ ਬੈਂਕ ਵਿੱਚ ਕੌਰਨੀਆ ਨੂੰ ਸੁਰੱਖਿਅਤ ਰੱਖਣਗੇ।
ਸੱਜਨਾਰ ਨੇ ਕਿਹਾ ਕਿ ਉਹ ਖੁਸ਼ ਹਨ ਕਿ ਕਾਰਪੋਰੇਸ਼ਨ ਇਸ ‘ਉੱਚ ਕਾਰਜ’ ਦਾ ਹਿੱਸਾ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ TGSRTC ਸਟਾਫ ਲਈ ‘ਨੈੱਟਵਰਕ ਟੂ ਸਾਈਟ’ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ।
ਮੋਦੀਨੀ ਨੇ ਕੌਰਨੀਆ ਦੀ ਮੁਫ਼ਤ ਆਵਾਜਾਈ ਦੀ ਪੇਸ਼ਕਸ਼ ਕਰਨ ਲਈ TGSRTC ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਹਸਪਤਾਲ ਦੀ ਟੀਮ ‘ਮਰੀਜ਼ਾਂ ਦੀ ਨਜ਼ਰ ਮੁੜ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਸਰਜਰੀਆਂ ਲਈ ਸੁਰੱਖਿਅਤ ਢੰਗ ਨਾਲ ਲਿਜਾਏ ਗਏ ਕੌਰਨੀਆ ਦੀ ਵਰਤੋਂ ਕਰੇਗੀ।’ ਇਸ ਮੌਕੇ ਸੱਜਨਾਰ ਨੇ ਆਪਣੀਆਂ ਅੱਖਾਂ ਦਾਨ ਕਰਨ ਦਾ ਵਾਅਦਾ ਵੀ ਕੀਤਾ ਅਤੇ ਆਪਣਾ ਸਹੁੰ ਪੱਤਰ ਮੋਦੀਨੀ ਨੂੰ ਸੌਂਪਿਆ।