ਦਿੱਲੀ ’ਚ ਗ੍ਰੈਪ ਦਾ ਚੌਥਾ ਪੜਾਅ ਲਾਗੂ
ਕੌਮੀ ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਦਾ ਵਧਦਾ ਪੱਧਰ ਦੇਖਦਿਆਂ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀ ਏ ਕਿਉ ਐੱਮ) ਨੇ ਅੱਜ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (ਗ੍ਰੈਪ) ਦਾ ਚੌਥਾ ਪੜਾਅ ਤੁਰੰਤ ਲਾਗੂ ਕਰ ਦਿੱਤਾ ਹੈ। ਦਿੱਲੀ ਦਾ ਔਸਤ ਏ ਕਿਊ ਆਈ ਸ਼ਾਮ 6 ਵਜੇ 446 ਦਰਜ ਕੀਤਾ ਗਿਆ, ਜਦਕਿ ਬਵਾਨਾ ਵਿੱਚ ਇਹ 496 ਅਤੇ ਆਨੰਦ ਵਿਹਾਰ ਵਿੱਚ 488 ਤੱਕ ਪਹੁੰਚ ਗਿਆ। ਇਹ ਇਸ ਸਾਲ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਦਿਨ ਰਿਹਾ।
ਸੀ ਏ ਕਿਊ ਐੱਮ ਮੁਤਾਬਕ ਹਵਾ ਦੀ ਰਫ਼ਤਾਰ ਘੱਟ ਹੋਣ ਅਤੇ ਮੌਸਮੀ ਹਾਲਾਤ ਸਾਜ਼ਗਾਰ ਨਾ ਹੋਣ ਕਾਰਨ ਪ੍ਰਦੂਸ਼ਣ ਵਧਿਆ ਹੈ। ਗ੍ਰੈਪ-4 ਤਹਿਤ ਐੱਨ ਸੀ ਆਰ ਵਿੱਚ ਉਸਾਰੀ ਅਤੇ ਇਮਾਰਤਾਂ ਢਾਹੁਣ ਦੀਆਂ ਗਤੀਵਿਧੀਆਂ ’ਤੇ ਸਖ਼ਤ ਰੋਕ ਲਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਟਰੱਕਾਂ ਦੇ ਦਾਖਲੇ ਅਤੇ ਡੀਜ਼ਲ ਵਾਲੀਆਂ ਗੱਡੀਆਂ ’ਤੇ ਵੀ ਪਾਬੰਦੀਆਂ ਲਾਈਆਂ ਜਾ ਸਕਦੀਆਂ ਹਨ। ਅੰਕੜਿਆਂ ਮੁਤਾਬਕ ਪ੍ਰਦੂਸ਼ਣ ਵਿੱਚ ਸਭ ਤੋਂ ਵੱਧ 14.2 ਫੀਸਦੀ ਹਿੱਸਾ ਆਵਾਜਾਈ ਖੇਤਰ ਦਾ ਰਿਹਾ।
ਇਸੇ ਤਰ੍ਹਾਂ ਕੌਮੀ ਰਾਜਧਾਨੀ ਵਿੱਚ ਪ੍ਰਦੂਸ਼ਣ ਵਧਣ ਕਾਰਨ ਹਸਪਤਾਲਾਂ ਵਿੱਚ ਸਾਹ ਦੀਆਂ ਸਮੱਸਿਆਵਾਂ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ 20 ਤੋਂ 30 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚ ਬਹੁਤੇ ਉਹ ਲੋਕ ਸ਼ਾਮਲ ਹਨ, ਜਿਨ੍ਹਾਂ ਨੂੰ ਪਹਿਲਾਂ ਕਦੇ ਸਾਹ ਦੀ ਸਮੱਸਿਆ ਨਹੀਂ ਹੋਈ। ਨੌਜਵਾਨ ਵੀ ਇਸ ਤੋਂ ਪ੍ਰਭਾਵਿਤ ਹੋ ਰਹੇ ਹਨ। ਡਾਕਟਰਾਂ ਅਨੁਸਾਰ ਹਰ ਸਾਲ ਪ੍ਰਦੂਸ਼ਣ ਵਧਣ ਦੇ ਨਾਲ-ਨਾਲ ਸਾਹ ਦੀਆਂ ਸਮੱਸਿਆਵਾਂ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਡਾਕਟਰਾਂ ਨੇ ਲੋਕਾਂ ਨੂੰ ਲਗਾਤਾਰ ਪਾਣੀ ਪੀਂਦੇ ਰਹਿਣ ਅਤੇ ਸਿਰਫ਼ ਲੋੜ ਪੈਣ ’ਤੇ ਹੀ ਬਾਹਰ ਨਿਕਲਣ ਦੀ ਅਪੀਲ ਕੀਤੀ ਹੈ।
