ਫੌਜੀ ਅਧਿਕਾਰੀ ਵੱਲੋਂ ਸਪਾਈਸਜੈੱਟ ਦੇ ਚਾਰ ਸਟਾਫ਼ਰਾਂ ਦੀ ਕੁੱਟਮਾਰ
ਸਪਾਈਸਜੈੱਟ ਏਅਰਲਾਈਨ ਨੇ ਦਾਅਵਾ ਕੀਤਾ ਹੈ ਕਿ ਇੱਕ ਯਾਤਰੀ, ਜੋ ਫੌਜੀ ਅਧਿਕਾਰੀ ਹੈ, ਵੱਲੋਂ ਸ੍ਰੀਨਗਰ ਹਵਾਈ ਅੱਡੇ ’ਤੇ ਉਸ ਦੇ ਚਾਰ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ ਗਈ ਹੈ। ਏਅਰਲਾਈਨ ਦੇ ਬੁਲਾਰੇ ਨੇ ਕਿਹਾ ਕਿ ਇਹ ਘਟਨਾ 26 ਜੁਲਾਈ ਦੀ ਹੈ। ਯਾਤਰੀ ਨੇ ਸ੍ਰੀਨਗਰ ਤੋਂ ਦਿੱਲੀ ਜਾ ਰਹੀ ਉਡਾਣ ਐੱਸਜੀ-386 ਦੀ ਬੋਰਡਿੰਗ ਦੌਰਾਨ ਗੇਟ ’ਤੇ ਸਪਾਈਸਜੈੱਟ ਦੇ ਚਾਰ ਮੁਲਾਜ਼ਮਾਂ ’ਤੇ ਕਥਿਤ ਹਮਲਾ ਕਰ ਦਿੱਤਾ। ਏਅਰਲਾਈਨ ਨੇ ਇਸ ਸਬੰਧੀ ਸਥਾਨਕ ਪੁਲੀਸ ਕੋਲ ਐੱਫਆਈਆਰ ਦਰਜ ਕਰਵਾਈ ਹੈ ਅਤੇ ਸ਼ਹਿਰੀ ਹਵਾਬਾਜ਼ੀ ਨਿਯਮਾਂ ਅਨੁਸਾਰ ਯਾਤਰੀ ਨੂੰ ਨੋ-ਫਲਾਈ ਸੂਚੀ ਵਿੱਚ ਰੱਖਣ ਦਾ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ। ਸਪਾਈਸਜੈੱਟ ਏਅਰਲਾਈਨ ਨੇ ਲੈਫਟੀਨੈਂਟ ਕਰਨਲ ਆਰਕੇ ਸਿੰਘ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ (ਬੀਐੱਨਐੱਸ) ਦੀ ਧਾਰਾ 115 ਤਹਿਤ ਕੇਸ ਦਰਜ ਕਰਵਾਇਆ ਹੈ। ਉਹ ਇਸ ਸਮੇਂ ਜੰਮੂ ਕਸ਼ਮੀਰ ਦੇ ਬਾਰਮੂਲਾ ਜ਼ਿਲ੍ਹੇ ਦੇ ਗੁਲਮਰਗ ਵਿੱਚ ਫੌਜ ਦੇ ਹਾਈ ਅਲਟੀਟਿਊਡ ਵਾਰਫੇਅਰ ਸਕੂਲ (ਐੱਚਏਡਬਲਿਊਐੱਸ) ਵਿੱਚ ਤਾਇਨਾਤ ਹੈ। ਸਪਾਈਸਜੈੱਟ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਪੱਤਰ ਲਿਖ ਕੇ ਆਪਣੇ ਸਟਾਫ ’ਤੇ ਹੋਏ ਹਮਲੇ ਬਾਰੇ ਜਾਣੂ ਕਰਵਾਇਆ ਹੈ ਅਤੇ ਯਾਤਰੀ ਵਿਰੁੱਧ ਢੁਕਵੀਂ ਕਾਰਵਾਈ ਦੀ ਬੇਨਤੀ ਕੀਤੀ ਹੈ। ਇਸ ਘਟਨਾ ਦੀ ਸੋਸ਼ਲ ਮੀਡੀਆ ਉੱਤੇ ਵੀਡੀਓ ਕਲਿਪ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਯਾਤਰੀ ਹਵਾਈ ਅੱਡੇ ’ਤੇ ਸਟਾਫ ਮੈਂਬਰਾਂ ’ਤੇ ਹਮਲਾ ਕਰਦਾ ਨਜ਼ਰ ਆ ਰਿਹਾ ਹੈ। ਸਪਾਈਸਜੈੱਟ ਨੇ ਬਿਆਨ ਵਿੱਚ ਕਿਹਾ, ‘‘ਯਾਤਰੀ ਨੇ ਘਸੁੰਨ ਮੁੱਕਿਆਂ ਨਾਲ ਹਮਲਾ ਕੀਤਾ। ਉਹ ਲਗਾਤਾਰ ਠੁੱਡੇ ਮਾਰਦਾ ਰਿਹਾ ਤੇ ਉਸ ਨੇ ਹਮਲੇ ਲਈ ਕਿਊ ਸਟੈਂਡ ਵੀ ਵਰਤਿਆ, ਜਿਸ ਕਰਕੇ ਸਟਾਫ਼ ਮੈਂਬਰਾਂ ਦੀ ਰੀੜ੍ਹ ਦੀ ਹੱਡੀ ਵਿਚ ਫਰੈਕਚਰ ਤੇ ਜਬਾੜੇ ਉੱਤੇ ਗੰਭੀਰ ਸੱਟਾਂ ਲੱਗੀਆਂ ਹਨ।’’ਬਿਆਨ ਮੁਤਾਬਕ, ਸਪਾਈਸਜੈੱਟ ਦਾ ਇੱਕ ਮੁਲਾਜ਼ਮ ਬੇਹੋਸ਼ ਹੋ ਕੇ ਜ਼ਮੀਨ ਉੱਤੇ ਡਿੱਗ ਪਿਆ, ਪਰ ਯਾਤਰੀ ਇਸ ਮੁਲਾਜ਼ਮ ਨੂੰ ਲਗਾਤਾਰ ਠੁੱਡੇ ਮਾਰਦਾ ਰਿਹਾ।’’ ਏਅਰਲਾਈਨਜ਼ ਨੇ ਦੱਸਿਆ ਕਿ ਯਾਤਰੀ, ਜੋ ਇੱਕ ਫੌਜੀ ਅਧਿਕਾਰੀ ਹੈ, ਕੁੱਲ 16 ਕਿਲੋਗ੍ਰਾਮ ਵਜ਼ਨ ਦੇ ਦੋ ਕੈਬਿਨ ਬੈਗ ਲੈ ਕੇ ਜਾ ਰਿਹਾ ਸੀ ਜੋ 7 ਕਿਲੋਗ੍ਰਾਮ ਦੀ ਨਿਰਧਾਰਿਤ ਹੱਦ ਨਾਲੋਂ ਦੁੱਗਣੇ ਤੋਂ ਵੀ ਵੱਧ ਸੀ। ਬੁਲਾਰੇ ਨੇ ਕਿਹਾ ਕਿ ਜਦੋਂ ਵਾਧੂ ਸਾਮਾਨ ਦੇ ਖਰਚੇ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਤਾਂ ਯਾਤਰੀ ਨੇ ਇਨਕਾਰ ਕਰ ਦਿੱਤਾ ਅਤੇ ਬੋਰਡਿੰਗ ਪ੍ਰਕਿਰਿਆ ਨੂੰ ਪੂਰਾ ਕੀਤੇ ਬਿਨਾਂ ਜ਼ਬਰਦਸਤੀ ਏਅਰੋਬ੍ਰਿਜ ਵਿੱਚ ਦਾਖ਼ਲ ਹੋ ਗਿਆ।’’ ਗੇਟ ’ਤੇ ਪਹੁੰਚ ਕੇ ਯਾਤਰੀ ਹੋਰ ਵੀ ਹਮਲਾਵਰ ਹੋ ਗਿਆ ਅਤੇ ਉਸ ਨੇ ਸਪਾਈਸਜੈੱਟ ਦੇ ਸਟਾਫ ਦੇ ਚਾਰ ਮੈਂਬਰਾਂ ’ਤੇ ਹਮਲਾ ਕਰ ਦਿੱਤਾ। ਇਸੇ ਦੌਰਾਨ ਜੰਮੂ-ਕਸ਼ਮੀਰ ਦੀਆਂ ਸਿਆਸੀ ਪਾਰਟੀਆਂ ਨੇ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਧਿਕਾਰੀ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।
ਸਪਾਈਸਜੈੱਟ ਘਟਨਾ ਮਾਮਲੇ ਵਿੱਚ ਪੂਰਾ ਸਹਿਯੋਗ ਕਰਾਂਗੇ: ਫੌਜ
ਨਵੀਂ ਦਿੱਲੀ: ਇਸ ਘਟਨਾ ਸਬੰਧੀ ਪੁੱਛੇ ਜਾਣ ’ਤੇ ਫੌਜ ਦੇ ਅਧਿਕਾਰੀਆਂ ਨੇ ਕਿਹਾ ਕਿ ਅਥਾਰਿਟੀ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਸ੍ਰੀਨਗਰ ਸਥਿਤ ਲੋਕ ਸੰਪਰਕ ਅਧਿਕਾਰੀ (ਰੱਖਿਆ) ਨੇ ਇੱਕ ਬਿਆਨ ਵਿੱਚ ਕਿਹਾ ਕਿ ਫੌਜ ਅਨੁਸ਼ਾਸਨ ਅਤੇ ਆਚਰਣ ਦੇ ਉੱਚੇ ਮਿਆਰ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੈ ਅਤੇ ਸਾਰੇ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਂਦੀ ਹੈ।