ਉੱਜਵਲ ਦੇਵਰਾਓ ਨਿਕਮ ਸਣੇ ਚਾਰ ਜਣੇ ਰਾਜ ਸਭਾ ਲਈ ਨਾਮਜ਼ਦ
ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਨੋਟੀਫਿਕੇਸ਼ਨ ਜਾਰੀ; ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਨਾਮਜ਼ਦ ਹੋਰਨਾਂ ਮੈਂਬਰਾਂ ਵਿਚ ਸੀ.ਸਦਾਨੰਦਨ ਮਾਸਟਰ, ਹਰਸ਼ ਵਰਧਨ ਸ਼੍ਰਿੰਗਲਾ ਤੇ ਮਿਨਾਕਸ਼ੀ ਜੈਨ ਸ਼ਾਮਲ
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 13 ਜੁਲਾਈ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚਾਰ ਜਣਿਆਂ ਉੱਘੇ ਵਕੀਲ ਉੱਜਵਾਲ ਦੇਵਰਾਓ ਨਿਕਮ, ਕੇਰਲਾ ਭਾਜਪਾ ਦੇ ਆਗੂ ਸੀ.ਸਦਾਨੰਦਨ ਮਾਸਟਰ, ਡਿਪਲੋਮੈਟ ਹਰਸ਼ ਵਰਧ ਸ਼੍ਰਿੰਗਲਾ ਤੇ ਇਤਿਹਾਸਕਾਰ ਡਾ.ਮਿਨਾਕਸ਼ੀ ਜੈਨ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਹੈ। ਰਾਸ਼ਟਰਪਤੀ ਵੱਖ ਵੱਖ ਖੇਤਰਾਂ ਨਾਲ ਸਬੰਧਤ 12 ਉੱਘੀਆਂ ਹਸਤੀਆਂ ਨੂੰ ਰਾਜ ਸਭਾ ਲਈ ਨਾਮਜ਼ਦ ਕਰ ਸਕਦੇ ਹਨ।
ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ, ‘‘ਭਾਰਤ ਦੇ ਸੰਵਿਧਾਨ ਦੇ ਅਨੁਛੇਦ 80 ਦੀ ਉਪ-ਧਾਰਾ (1) ਦੇ ਉਪ-ਧਾਰਾ (ਏ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਨਾਮਜ਼ਦ ਮੈਂਬਰਾਂ ਦੀ ਸੇਵਾਮੁਕਤੀ ਕਾਰਨ ਖਾਲੀ ਅਸਾਮੀਆਂ ਨੂੰ ਭਰਨ ਲਈ ਉਜਵਲ ਦੇਵਰਾਓ ਨਿਕਮ, ਸੀ. ਸਦਾਨੰਦਨ ਮਾਸਟਰ, ਹਰਸ਼ ਵਰਧਨ ਸ਼੍ਰਿੰਗਲਾ ਅਤੇ ਡਾ. ਮਿਨਾਕਸ਼ੀ ਜੈਨ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਹੈ।’’
ਉੱਜਵਲ ਨਿਕਮ ਨਾਮੀਂ ਵਕੀਲ ਹਨ, ਜਿਨ੍ਹਾਂ 26/11 ਮੁੰਬਈ ਦਹਿਸ਼ਤੀ ਹਮਲੇ ਦੇ ਇਕਲੌਤੇ ਜਿਉਂਦੇ ਫੜੇ ਗਏ ਦਹਿਸ਼ਤਗਰਦ ਅਜਮਲ ਕਸਾਬ ਨੂੰ ਮੌਤ ਦੀ ਸਜ਼ਾ ਦਿਵਾਈ ਸੀ। ਨਿਕਮ ਨੇ 2024 ਵਿੱਚ ਭਾਜਪਾ ਦੀ ਟਿਕਟ ’ਤੇ ਹਾਈ-ਪ੍ਰੋਫਾਈਲ ਮੁੰਬਈ ਉੱਤਰੀ ਕੇਂਦਰੀ ਸੀਟ ਤੋਂ ਚੋਣ ਲੜੀ ਸੀ, ਪਰ ਉਹ ਹਾਰ ਗਏ। ਨਿਕਮ ਨੇ ਕਈ ਹਾਈ-ਪ੍ਰੋਫਾਈਲ ਮਾਮਲਿਆਂ ਵਿਚ ਵਕਾਲਤ ਕੀਤੀ, ਜਿਨ੍ਹਾਂ ਵਿੱਚ 1993 ਦੇ ਮੁੰਬਈ ਧਮਾਕੇ, ਗੁਲਸ਼ਨ ਕੁਮਾਰ ਹੱਤਿਆ, ਪ੍ਰਮੋਦ ਮਹਾਜਨ ਹੱਤਿਆ, ਮਰੀਨ ਡਰਾਈਵ ਬਲਾਤਕਾਰ ਮਾਮਲਾ ਅਤੇ 2008 ਦੇ ਮੁੰਬਈ ਦਹਿਸ਼ਤੀ ਹਮਲੇ ਸ਼ਾਮਲ ਹਨ।
ਸ਼੍ਰਿੰਗਲਾ 2023 ਵਿੱਚ ਭਾਰਤ ਦੀ G20 ਪ੍ਰੈਜ਼ੀਡੈਂਸੀ ਲਈ ਮੁੱਖ ਕੋਆਰਡੀਨੇਟਰ ਸਨ। ਉਹ ਭਾਰਤ ਦੇ ਵਿਦੇਸ਼ ਸਕੱਤਰ ਅਤੇ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ, ਬੰਗਲਾਦੇਸ਼ ਵਿੱਚ ਹਾਈ ਕਮਿਸ਼ਨਰ ਅਤੇ ਥਾਈਲੈਂਡ ਵਿੱਚ ਰਾਜਦੂਤ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ।
ਸੀ. ਸਦਾਨੰਦਨ ਮਾਸਟਰ ਕੇਰਲਾ ਭਾਜਪਾ ਦੇ ਆਗੂ ਹਨ। ਸੀਪੀਐਮ ਕਾਡਰਾਂ ਨੇ ਸਿਆਸੀ ਬਦਲਾਖੋਰੀ ਦੀ ਕਾਰਵਾਈ ਵਿੱਚ ਉਨ੍ਹਾਂ ਦੀਆਂ ਲੱਤਾਂ ਬੇਰਹਿਮੀ ਨਾਲ ਕੱਟ ਦਿੱਤੀਆਂ ਸਨ। ਮਾਸਟਰ ਨੂੰ 2016 ਵਿੱਚ ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਕੇਰਲਾ ਤੋਂ ਭਾਜਪਾ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਗਿਆ ਸੀ। ਉਹ ਕੰਨੂਰ ਦੇ ਸਿਆਸੀ ਦ੍ਰਿਸ਼ ਵਿੱਚ ਮਹੱਤਵਪੂਰਨ ਭਾਜਪਾ ਸ਼ਕਤੀ ਬਣੇ ਹੋਏ ਹਨ। ਉਨ੍ਹਾਂ ਨੇ ਕੂਥੁਪਰਾਂਬੂ ਹਲਕੇ ਤੋਂ ਅਸਫਲ ਚੋਣ ਲੜੀ।
ਡਾ. ਮਿਨਾਕਸ਼ੀ ਜੈਨ ਭਾਰਤੀ ਦ੍ਰਿਸ਼ਟੀਕੋਣ ਵਾਲੀ ਇਤਿਹਾਸਕਾਰ ਹੈ ਅਤੇ ਦਿੱਲੀ ਯੂਨੀਵਰਸਿਟੀ ਦੇ ਕਾਲਜਾਂ ਵਿੱਚ ਇਤਿਹਾਸ ਪੜ੍ਹਾਉਂਦੀ ਰਹੀ ਹੈ।
ਪ੍ਰਧਾਨ ਮੰਤਰੀ ਵੱਲੋਂ ਰਾਜ ਸਭਾ ਲਈ ਨਾਮਜ਼ਦਗੀਆਂ ਦੀ ਸ਼ਲਾਘਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਰਾਜ ਸਭਾ ਲਈ ਕੀਤੀਆਂ ਨਾਮਜ਼ਦਗੀਆਂ ਦੀ ਸ਼ਲਾਘਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਹਰੇਕ ਨਾਮਜ਼ਦ ਵਿਅਕਤੀ ਦੇ ਸ਼ਾਨਦਾਰ ਜੀਵਨ ’ਤੇ ਟਿੱਪਣੀ ਵੀ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਰਲਾ ਭਾਜਪਾ ਦੇ ਆਗੂ ਸੀ. ਸਦਾਨੰਦਨ ਮਾਸਟਰ ਦਾ ਜੀਵਨ ਹਿੰਮਤ ਅਤੇ ਅਨਿਆਂ ਅੱਗੇ ਝੁਕਣ ਤੋਂ ਇਨਕਾਰ ਦਾ ਪ੍ਰਤੀਕ ਹੈ। ਸ੍ਰੀ ਮੋਦੀ ਨੇ ਕਿਹਾ, ‘‘ਹਿੰਸਾ ਅਤੇ ਡਰਾਉਣਾ-ਧਮਕਾਉਣਾ ਰਾਸ਼ਟਰੀ ਵਿਕਾਸ ਪ੍ਰਤੀ ਉਨ੍ਹਾਂ ਦੀ ਭਾਵਨਾ ਨੂੰ ਨਹੀਂ ਰੋਕ ਸਕਿਆ। ਇੱਕ ਅਧਿਆਪਕ ਅਤੇ ਸਮਾਜ ਸੇਵਕ ਵਜੋਂ ਉਨ੍ਹਾਂ ਦੇ ਯਤਨ ਵੀ ਸ਼ਲਾਘਾਯੋਗ ਹਨ। ਉਹ ਯੁਵਾ ਸਸ਼ਕਤੀਕਰਨ ਪ੍ਰਤੀ ਬਹੁਤ ਭਾਵੁਕ ਹਨ। ਰਾਸ਼ਟਰਪਤੀ ਜੀ ਵੱਲੋਂ ਉਨ੍ਹਾਂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤੇ ਜਾਣ ’ਤੇ ਵਧਾਈ।’’
ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨੇ ਹਰਸ਼ ਵਰਧਨ ਸ਼੍ਰਿੰਗਲਾ ਨੂੰ ਸ਼ਾਨਦਾਰ ਡਿਪਲੋਮੈਟ, ਬੁੱਧੀਜੀਵੀ ਅਤੇ ਰਣਨੀਤਕ ਚਿੰਤਕ ਦੱਸਿਆ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ‘‘ਸਾਲਾਂ ਤੋਂ ਉਨ੍ਹਾਂ ਨੇ ਭਾਰਤ ਦੀ ਵਿਦੇਸ਼ ਨੀਤੀ ਵਿੱਚ ਅਹਿਮ ਯੋਗਦਾਨ ਪਾਇਆ ਹੈ ਅਤੇ ਸਾਡੀ G20 ਪ੍ਰਧਾਨਗੀ ਮੌਕੇ ਵੀ ਉਨ੍ਹਾਂ ਦਾ ਯੋਗਦਾਨ ਅਹਿਮ ਸੀ। ਉਨ੍ਹਾਂ ਦਾ ਵਿਲੱਖਣ ਦ੍ਰਿਸ਼ਟੀਕੋਣ ਸੰਸਦੀ ਕਾਰਵਾਈਆਂ ਨੂੰ ਹੋਰ ਅਮੀਰ ਬਣਾਏਗਾ।’’
ਸ੍ਰੀ ਮੋਦੀ ਨੇ ਕਿਹਾ ਕਿ ਰਾਜ ਸਭਾ ਲਈ ਨਾਮਜ਼ਦ ਉਜਵਲ ਨਿਕਮ ਦੀ ਕਾਨੂੰਨੀ ਖੇਤਰ ਅਤੇ ਸੰਵਿਧਾਨ ਪ੍ਰਤੀ ਸ਼ਰਧਾ ਮਿਸਾਲੀ ਹੈ। ਪ੍ਰਧਾਨ ਮੰਤਰੀ ਨੇ ਮੁੰਬਈ ਦਹਿਸ਼ਤੀ ਹਮਲੇ ਦੇ ਦੋਸ਼ੀ ਅਜਮਲ ਕਸਾਬ ਨੂੰ ਸਜ਼ਾ ਦਿਵਾਉਣ ਵਾਲੇ ਨਿਕਮ ਬਾਰੇ ਕਿਹਾ, ‘‘ਉਹ ਨਾ ਸਿਰਫ਼ ਇੱਕ ਸਫਲ ਵਕੀਲ ਰਹੇ ਹਨ ਬਲਕਿ ਮਹੱਤਵਪੂਰਨ ਮਾਮਲਿਆਂ ਵਿੱਚ ਨਿਆਂ ਦੀ ਮੰਗ ਕਰਨ ਵਿੱਚ ਵੀ ਮੋਹਰੀ ਹਨ। ਆਪਣੇ ਪੂਰੇ ਕਾਨੂੰਨੀ ਕਰੀਅਰ ਦੌਰਾਨ, ਉਨ੍ਹਾਂ ਨੇ ਹਮੇਸ਼ਾ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕੰਮ ਕੀਤਾ ਹੈ ਕਿ ਆਮ ਨਾਗਰਿਕਾਂ ਨਾਲ ਹਮੇਸ਼ਾ ਸਨਮਾਨ ਨਾਲ ਪੇਸ਼ ਆਇਆ ਜਾਵੇ। ਇਹ ਖੁਸ਼ੀ ਦੀ ਗੱਲ ਹੈ ਕਿ ਭਾਰਤ ਦੇ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਹੈ।’’
ਪ੍ਰਧਾਨ ਮੰਤਰੀ ਨੇ ਭਾਰਤੀ ਇਤਿਹਾਸਕਾਰ ਮਿਨਾਕਸ਼ੀ ਜੈਨ, ਜਿਸ ਨੇ ਸਿੱਖਿਆ ਵਿੱਚ ਖੱਬੇ-ਪੱਖੀ ਬਿਰਤਾਂਤਾਂ ਨੂੰ ਚੁਣੌਤੀ ਦਿੱਤੀ ਹੈ, ਬਾਰੇ ਕਿਹਾ, ‘‘ਉਨ੍ਹਾਂ ਆਪਣੇ ਆਪ ਨੂੰ ਇੱਕ ਵਿਦਵਾਨ, ਖੋਜਕਰਤਾ ਅਤੇ ਇਤਿਹਾਸਕਾਰ ਵਜੋਂ ਵੱਖ ਕੀਤਾ ਹੈ। ਸਿੱਖਿਆ, ਸਾਹਿਤ, ਇਤਿਹਾਸ ਅਤੇ ਰਾਜਨੀਤੀ ਵਿਗਿਆਨ ਦੇ ਖੇਤਰਾਂ ਵਿੱਚ ਉਨ੍ਹਾਂ ਦੇ ਕੰਮ ਨੇ ਅਕਾਦਮਿਕ ਭਾਸ਼ਣ ਨੂੰ ਵਧੇਰੇ ਅਮੀਰ ਬਣਾਇਆ ਹੈ।’’