ਰਾਏਬਰੇਲੀ ਵਿਚ ਦਲਿਤ ਦੀ ਕੁੱਟ ਕੁੱਟ ਕੇ ਹੱਤਿਆ ਮਾਮਲੇ ਵਿਚ ਚਾਰ ਹੋਰ ਗ੍ਰਿਫ਼ਤਾਰ
ਰਾਏਬਰੇਲੀ ਜ਼ਿਲ੍ਹੇ ਦੇ ਉਂਚਾਹਾਰ ਇਲਾਕੇ ਵਿੱਚ ਪਿੰਡ ਵਾਸੀਆਂ ਵੱਲੋਂ ਇੱਕ ਦਲਿਤ ਵਿਅਕਤੀ ਨੂੰ ਚੋਰ ਸਮਝ ਕੇ ਕੁੱਟ-ਕੁੱਟ ਕੇ ਮਾਰਨ ਦੇ ਮਾਮਲੇ ਵਿੱਚ ਪੁਲੀਸ ਨੇ ਚਾਰ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਕਿਹਾ ਕਿ ਮੁਲਜ਼ਮਾਂ ਖਿਲਾਫ਼ ਗੈਂਗਸਟਰ ਐਕਟ ਅਤੇ ਕੌਮੀ ਸੁਰੱਖਿਆ ਐਕਟ (ਐਨਐਸਏ) ਲਾਗੂ ਕੀਤਾ ਜਾਵੇਗਾ। ਉਂਝ ਪੁਲੀਸ ਨੇ ਘਟਨਾ ਨੂੰ ਜਾਤੀਵਾਦੀ ਰੰਗ ਦੇਣ ਦੀਆਂ ਕੋਸ਼ਿਸ਼ਾਂ ਵਿਰੁੱਧ ਚੇਤਾਵਨੀ ਦਿੱਤੀ ਹੈ। ਪੁਲੀਸ ਨੇ ਕਿਹਾ ਕਿ ਮੁਲਜ਼ਮ ਪੀੜਤ ਦੀ ਜਾਤ ਤੋਂ ਅਣਜਾਣ ਸਨ।
ਕਾਬਿਲੇਗੌਰ ਹੈ ਕਿ ਪਿੰਡ ਵਾਸੀਆਂ ਨੇ 2 ਅਕਤੂਬਰ ਨੂੰ ਤੜਕੇ 1 ਵਜੇ ਦੇ ਕਰੀਬ ਰਾਤ ਨੂੰ ਲਾਏ ਪਹਿਰੇ ਦੌਰਾਨ ਹਰੀਓਮ ਵਾਲਮੀਕਿ (40) ਨੂੰ ਚੋਰ ਸਮਝ ਕੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਕਿਉਂਕਿ ਅਜਿਹੀਆਂ ਅਫਵਾਹਾਂ ਸਨ ਕਿ ਇੱਕ ਗਰੋਹ ਡਕੈਤੀਆਂ ਲਈ ਘਰਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਡਰੋਨ ਦੀ ਵਰਤੋਂ ਕਰ ਰਿਹਾ ਹੈ।
ਰਾਏਬਰੇਲੀ ਦੇ ਐਸਪੀ ਯਸ਼ਵੀਰ ਸਿੰਘ ਨੇ ਕਿਹਾ, ‘‘ਮੰਗਲਵਾਰ ਨੂੰ ਸ਼ਿਵ ਪ੍ਰਸਾਦ ਅਗਰਹਾਰੀ ਸਮੇਤ ਚਾਰ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੋ ਮੂਕ ਦਰਸ਼ਕ ਬਣ ਕੇ ਖੜ੍ਹਾ ਰਿਹਾ ਅਤੇ ਪੁਲੀਸ ਨੂੰ ਸੂਚਿਤ ਨਹੀਂ ਕੀਤਾ। ਸ਼ਿਵਮ ਦਾ ਇੱਕ ਰਿਸ਼ਤੇਦਾਰ, ਜਿਸ ਨੇ ਉਸ ਨੂੰ ਪਨਾਹ ਦਿੱਤੀ ਸੀ, ਅਤੇ ਦੋ ਹੋਰ - ਲਾਲੀ ਪਾਸੀ ਅਤੇ ਉਸ ਦੇ ਸਾਥੀ- ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਮਾਮਲੇ ਵਿਚ ਹੁਣ ਤੱਕ ਕੁੱਲ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।’’
ਸੋਮਵਾਰ ਨੂੰ ਉੱਤਰ ਪ੍ਰਦੇਸ਼ ਕਾਂਗਰਸ ਪ੍ਰਧਾਨ ਅਜੈ ਰਾਏ ਪੀੜਤ ਹਰੀਓਮ ਦੇ ਪਰਿਵਾਰ ਨੂੰ ਮਿਲਣ ਗਏ ਸਨ ਅਤੇ ਦਾਅਵਾ ਕੀਤਾ ਸੀ ਕਿ ਰਾਹੁਲ ਗਾਂਧੀ ਦਾ ਨਾਮ ਲੈਣ ਤੋਂ ਬਾਅਦ ਪੀੜਤ ਦੀ ਕੁੱਟਮਾਰ ਕੀਤੀ ਗਈ ਸੀ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਰਾਜ ਵਿੱਚ ‘ਜੰਗਲ ਰਾਜ’ ਚੱਲ ਰਿਹਾ ਹੈ। ਇਸ ਦੌਰਾਨ ਰਾਹੁਲ ਗਾਂਧੀ ਨੇ ਪੀੜਤ ਦੇ ਭਰਾ ਨਾਲ ਫ਼ੋਨ ’ਤੇ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ।