ਸਾਬਕਾ ਵਿਜੀਲੈਂਸ ਮੁਖੀ ਪਰਮਾਰ ਤੇ ਐੱਸਐੱਸਪੀ ਬਰਾੜ ਬਹਾਲ
ਪੰਜਾਬ ਸਰਕਾਰ ਨੇ ਵਿਜੀਲੈਂਸ ਬਿਊਰੋ ਦੇ ਸਾਬਕਾ ਮੁਖੀ ਸੁਰਿੰਦਰ ਪਾਲ ਸਿੰਘ ਪਰਮਾਰ ਅਤੇ ਫਾਜ਼ਿਲਕਾ ਦੇ ਐੱਸਐੱਸਪੀ ਰਹੇ ਵਰਿੰਦਰ ਬਰਾੜ ਨੂੰ ਅੱਜ ਬਹਾਲ ਕਰ ਦਿੱਤਾ ਹੈ। ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਦੋਵਾਂ ਸੀਨੀਅਰ ਪੁਲੀਸ ਅਧਿਕਾਰੀਆਂ ਦੇ ਮੁਅੱਤਲੀ ਦੇ ਆਦੇਸ਼ ਵੀ ਰੱਦ ਕਰ ਦਿੱਤੇ। ਇਹ ਆਦੇਸ਼ ਪੰਜਾਬ ਸਰਕਾਰ ਦੇ ਗ੍ਰਹਿ ਵਿਧਾਨ ਦੇ ਵਧੀਕ ਮੁੱਖ ਸਕੱਤਰ ਆਲੋਕ ਸ਼ੇਖਰ ਵੱਲੋਂ ਜਾਰੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ 25 ਅਪਰੈਲ 2025 ਨੂੰ ਵਿਜੀਲੈਂਸ ਬਿਊਰੋ ਪੰਜਾਬ ਦੇ ਮੁਖੀ ਵਜੋਂ ਸੇਵਾ ਨਿਭਾ ਰਹੇ ਆਈਪੀਐੱਸ ਅਧਿਕਾਰੀ ਸੁਰਿੰਦਰ ਪਾਲ ਸਿੰਘ ਪਰਮਾਰ ਨੂੰ ਹਾਈ-ਪ੍ਰੋਫਾਈਲ ਡਰਾਈਵਿੰਗ ਲਾਇਸੈਂਸ ਘੁਟਾਲੇ ’ਚ ਕਿਸੇ ਕੁਤਾਹੀ ਦੇ ਮੱਦੇਨਜ਼ਰ ਮੁਅੱਤਲ ਕਰ ਦਿੱਤਾ ਸੀ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਸ੍ਰੀ ਪਰਮਾਰ ਨੇ ਡਰਾਈਵਿੰਗ ਲਾਇਸੈਂਸ ਘੁਟਾਲੇ ’ਚ ਢੁੱਕਵੀਂ ਤਫ਼ਤੀਸ਼ ਨਹੀਂ ਕੀਤੀ ਹੈ ਅਤੇ ਲੋੜੀਂਦੇ ਸਬੂਤ ਵਗੈਰਾ ਵੀ ਇਕੱਠੇ ਨਹੀਂ ਕੀਤੇ ਸਨ। ਇਸ ਦੌਰਾਨ ਸੂਬਾ ਸਰਕਾਰ ਨੇ ਪਰਮਾਰ ਸਮੇਤ ਤਿੰਨ ਸੀਨੀਅਰ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਸੀ।
ਦੂਜੇ ਮਾਮਲੇ ਵਿੱਚ ਸੂਬਾ ਸਰਕਾਰ ਨੇ 28 ਮਈ 2025 ਨੂੰ ਫਾਜ਼ਿਲਕਾ ਦੇ ਐੱਸਐੱਸਪੀ ਵਜੋਂ ਸੇਵਾਵਾਂ ਨਿਭਾਅ ਰਹੇ ਵਰਿੰਦਰ ਬਰਾੜ ਨੂੰ ਸਾਈਬਰ ਕ੍ਰਾਈਮ ਪੁਲੀਸ ਸਟੇਸ਼ਨ ਦੇ ਚਾਰ ਪੁਲੀਸ ਅਧਿਕਾਰੀਆਂ ਨਾਲ ਜੁੜੇ ਰਿਸ਼ਵਤਖੋਰੀ ਦੇ ਘੁਟਾਲੇ ਸਬੰਧੀ ਮੁਅੱਤਲ ਕੀਤਾ ਸੀ। ਸੂਬਾ ਸਰਕਾਰ ਦਾ ਕਹਿਣਾ ਸੀ ਕਿ ਬਰਾੜ ਨੇ ਉਸ ਮਾਮਲੇ ਵਿੱਚ ਬਤੌਰ ਸੀਨੀਅਰ ਅਧਿਕਾਰੀ ਬਣਦੀ ਕਾਰਵਾਈ ਨਹੀਂ ਕੀਤੀ ਹੈ।
ਦੋਵੇਂ ਅਧਿਕਾਰੀਆਂ ਦੀ ਨਵੀਂ ਨਿਯੁਕਤੀ
ਪੰਜਾਬ ਸਰਕਾਰ ਨੇ ਸੁਰਿੰਦਰ ਪਾਲ ਸਿੰਘ ਪਰਮਾਰ ਅਤੇ ਵਰਿੰਦਰ ਬਰਾੜ ਨੂੰ ਕਲੀਨ ਚਿੱਟ ਦੇਣ ਤੋਂ ਕੁਝ ਸਮੇਂ ਬਾਅਦ ਹੀ ਨਵੀਂ ਨਿਯੁਕਤੀ ਵੀ ਦੇ ਦਿੱਤੀ ਹੈ। ਸੂਬਾ ਸਰਕਾਰ ਨੇ ਆਈਪੀਐੱਸ ਅਧਿਕਾਰੀ ਪਰਮਾਰ ਨੂੰ ਏਡੀਜੀਪੀ ਲਾਅ ਐਂਡ ਆਰਡਰ ਪੰਜਾਬ ਅਤੇ ਪੀਪੀਐੱਸ ਅਧਿਕਾਰੀ ਬਰਾੜ ਨੂੰ ਏਆਈਜੀ ਪ੍ਰੋਵਿਜ਼ਨਿੰਗ ਪੰਜਾਬ ਲਗਾਇਆ ਗਿਆ ਹੈ।