ਸਾਬਕਾ ਟੀਐੱਮਸੀ ਸੰਸਦ ਮੈਂਬਰ ਮਿਮੀ ਚੱਕਰਵਰਤੀ ਈਡੀ ਸਾਹਮਣੇ ਪੇਸ਼
ਤ੍ਰਿਣਮੂਲ ਕਾਂਗਰਸ ਦੀ ਸਾਬਕਾ ਸੰਸਦ ਮੈਂਬਰ ਮਿਮੀ ਚੱਕਰਵਰਤੀ ਸੋਮਵਾਰ ਨੂੰ ਇੱਕ ਕਥਿਤ ਗੈਰ-ਕਾਨੂੰਨੀ ਸੱਟੇਬਾਜ਼ੀ ਐਪ ਨਾਲ ਜੁੜੇ ਮਨੀ-ਲਾਂਡਰਿੰਗ ਮਾਮਲੇ ਵਿੱਚ ਪੁੱਛਗਿੱਛ ਲਈ ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਸਾਹਮਣੇ ਪੇਸ਼ ਹੋਈ।
36 ਸਾਲਾ ਚੱਕਰਵਰਤੀ ਦਾ ਬਿਆਨ '1xBet' ਨਾਂ ਦੀ ਇੱਕ "ਗੈਰ-ਕਾਨੂੰਨੀ" ਸੱਟੇਬਾਜ਼ੀ ਐਪ ਨਾਲ ਸਬੰਧਤ ਮਾਮਲੇ ਵਿੱਚ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (PMLA) ਤਹਿਤ ਦਰਜ ਕੀਤਾ ਜਾ ਰਿਹਾ ਹੈ। ਸਾਬਕਾ ਸੰਸਦ ਮੈਂਬਰ ਅਤੇ ਅਦਾਕਾਰਾ ਦਾ ਕੁਝ ਪ੍ਰਚਾਰ ਅਤੇ ਵਿੱਤੀ ਲੈਣ-ਦੇਣ ਰਾਹੀਂ ਇਸ ਐਪ ਨਾਲ ਸਬੰਧ ਹੋਣ ਦੀ ਸੰਭਾਵਨਾ ਹੈ। ਈਡੀ ਪੁੱਛਗਿੱਛ ਦੌਰਾਨ ਇਸ ਐਪ ਨਾਲ ਉਸ ਦੇ ਸਬੰਧਾਂ ਨੂੰ ਜਾਨਣਾ ਚਾਹੁੰਦੀ ਹੈ।
ਏਜੰਸੀ ਅਜਿਹੇ ਕਈ ਗੈਰ-ਕਾਨੂੰਨੀ ਸੱਟੇਬਾਜ਼ੀ ਐਪਸ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ, ਜਿਨ੍ਹਾਂ ’ਤੇ ਕਰੋੜਾਂ ਰੁਪਏ ਦੇ ਲੋਕਾਂ ਅਤੇ ਨਿਵੇਸ਼ਕਾਂ ਨੂੰ ਧੋਖਾ ਦੇਣ ਜਾਂ ਵੱਡੀ ਮਾਤਰਾ ਵਿੱਚ ਟੈਕਸ ਚੋਰੀ ਕਰਨ ਦਾ ਦੋਸ਼ ਹੈ।
ਇਸ ਤੋਂ ਪਹਿਲਾਂ ਕੇਂਦਰੀ ਜਾਂਚ ਏਜੰਸੀ ਵੱਲੋਂ ਇਸ ਮਾਮਲੇ ਵਿੱਚ ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਅਤੇ ਸ਼ਿਖਰ ਧਵਨ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਈਡੀ ਨੇ ਅਦਾਕਾਰਾ ਉਰਵਸ਼ੀ ਰੌਤੇਲਾ (31) ਅਤੇ ਬੰਗਾਲੀ ਅਦਾਕਾਰ ਅੰਕੁਸ਼ ਹਜ਼ਰਾ ਨੂੰ ਵੀ ਮੰਗਲਵਾਰ ਨੂੰ ਇਸ ਮਾਮਲੇ ਵਿੱਚ ਪੇਸ਼ ਹੋਣ ਲਈ ਕਿਹਾ ਹੈ।
ਰੌਤੇਲਾ 1xBet ਦੀ ਭਾਰਤੀ ਅੰਬੈਸਡਰ ਹੈ।
ਆਉਣ ਵਾਲੇ ਦਿਨਾਂ ਵਿੱਚ ਹੋਰ ਖਿਡਾਰੀਆਂ ਅਤੇ ਮਸ਼ਹੂਰ ਹਸਤੀਆਂ ਤੋਂ ਏਜੰਸੀ ਦੁਆਰਾ ਪੁੱਛਗਿੱਛ ਕੀਤੇ ਜਾਣ ਦੀ ਉਮੀਦ ਹੈ। ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਇੱਕ ਕਾਨੂੰਨ ਲਿਆ ਕੇ ਰੀਅਲ-ਮਨੀ ਔਨਲਾਈਨ ਗੇਮਿੰਗ 'ਤੇ ਪਾਬੰਦੀ ਵੀ ਲਗਾਈ ਹੈ।