ਸਾਬਕਾ ਸੰਸਦ ਮੈਂਬਰ ਖ਼ੁਦਕੁਸ਼ੀ ਮਾਮਲਾ: ਸੁਪਰੀਮ ਕੋਰਟ ਵੱਲੋਂ ਐੱਫਆਈਆਰ ਰੱਦ ਕਰਨ ਖ਼ਿਲਾਫ਼ ਅਰਜ਼ੀ ਖਾਰਜ
ਸੁਪਰੀਮ ਕੋਰਟ ਨੇ ਸਾਬਕਾ ਸੰਸਦ ਮੈਂਬਰ ਮੋਹਨ ਡੇਲਕਰ ਨੂੰ 2021 ’ਚ ਖੁਦਕੁਸ਼ੀ ਲਈ ਕਥਿਤ ਤੌਰ ’ਤੇ ਉਕਸਾਉਣ ਦੇ ਮਾਮਲੇ ’ਚ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਅਤੇ ਨਗਰ ਹਵੇਲੀ, ਦਮਨ ਤੇ ਦੀਊ ਦੇ ਪ੍ਰਸ਼ਾਸਕ ਪ੍ਰਫੁੱਲ ਖੋਡਾ ਪਟੇਲ ਸਮੇਤ 9 ਵਿਅਕਤੀਆਂ ਖ਼ਿਲਾਫ਼ ਸੋਮਵਾਰ ਨੂੰ ਐੱਫਆਈਆਰ ਬਹਾਲ ਕਰਨ ਤੋਂ ਇਨਕਾਰ ਕਰ ਦਿੱਤਾ।
ਚੀਫ਼ ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇ. ਵਿਨੋਦ ਚੰਦਰਨ ਦੇ ਬੈਂਚ ਨੇ ਪਟੇਲ ਸਮੇਤ 9 ਵਿਅਕਤੀਆਂ ਖ਼ਿਲਾਫ਼ ਮਾਮਲਾ ਰੱਦ ਕਰਨ ਸਬੰਧੀ 8 ਸਤੰਬਰ, 2022 ਦੇ ਮੁੰਬਈ ਹਾਈ ਕੋਰਟ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਮਰਹੂਮ ਸੰਸਦ ਮੈਂਬਰ ਦੇ ਪੁੱਤਰ ਅਭਿਨਵ ਡੇਲਕਰ ਦੀ ਅਪੀਲ ਖਾਰਜ ਕਰ ਦਿੱਤੀ। ਬੈਂਚ ਨੇ ਅਭਿਨਵ ਵੱਲੋਂ ਪੇਸ਼ ਹੋਈ ਸੀਨੀਅਰ ਵਕੀਲ ਮੀਨਾਕਸ਼ੀ ਅਰੋੜਾ, ਸੂਬਾ ਸਰਕਾਰ ਵੱਲੋਂ ਪੇਸ਼ ਹੋਏ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਅਤੇ ਕੁਝ ਹੋਰ ਮੁਲਜ਼ਮਾਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮਹੇਸ਼ ਜੇਠਮਲਾਨੀ ਦੀਆਂ ਦਲੀਲਾਂ ਸੁਣਨ ਮਗਰੋਂ 4 ਅਗਸਤ ਨੂੰ ਫ਼ੈਸਲਾ ਰਾਖਵਾਂ ਰੱਖ ਲਿਆ ਸੀ।
ਦਾਦਰਾ ਅਤੇ ਨਗਰ ਹਵੇਲੀ ਤੋਂ ਸੱਤ ਵਾਰ ਸੰਸਦ ਮੈਂਬਰ ਰਹਿ ਚੁੱਕੇ ਡੇਲਕਰ ਦੀ ਮੌਤ ਮਗਰੋਂ ਐੱਫਆਈਆਰ ਦਰਜ ਕੀਤੀ ਗਈ ਸੀ। ਉਹ 2021 ’ਚ ਮੁੰਬਈ ਦੇ ਇਕ ਹੋਟਲ ’ਚ ਮ੍ਰਿਤ ਮਿਲੇ ਸਨ। ਉਨ੍ਹਾਂ ਦੇ ਕਥਿਤ ਖੁਦਕੁਸ਼ੀ ਨੋਟ ’ਚ ਪ੍ਰੇਸ਼ਾਨ ਕਰਨ ਅਤੇ ਧਮਕੀਆਂ ਦੇਣ ਦੇ ਵਿਸਥਾਰ ਨਾਲ ਵੇਰਵੇ ਸਨ ਜਿਸ ਮਗਰੋਂ ਸੀਨੀਅਰ ਅਫ਼ਸਰਾਂ ਅਤੇ ਸਿਆਸੀ ਹਸਤੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਸੀ।