ਜੇਲ੍ਹ ’ਚ ਲਾਇਬਰੇਰੀ ਕਲਰਕ ਵਜੋਂ ਸੇਵਾਵਾਂ ਨਿਭਾਉਣਗੇ ਸਾਬਕਾ ਸੰਸਦ ਮੈਂਬਰ ਪ੍ਰਜਵਲ ਰੇਵੰਨਾ
ਜੇਲ੍ਹ ਅਧਿਕਾਰੀਆਂ ਮੁਤਾਬਕ ਉਸ ਦੀਆਂ ਜ਼ਿੰਮੇਵਾਰੀਆਂ ਵਿੱਚ ਸਾਥੀ ਕੈਦੀਆਂ ਨੂੰ ਕਿਤਾਬਾਂ ਜਾਰੀ ਕਰਨਾ ਅਤੇ ਉਧਾਰ ਲੈਣ ਦਾ ਰਿਕਾਰਡ ਰੱਖਣਾ ਸ਼ਾਮਲ ਹੈ।
ਜੇਲ੍ਹ ਦੇ ਇੱਕ ਅਧਿਕਾਰੀ ਨੇ ਅੱਜ ਇੱਥੇ ਦੱਸਿਆ, ‘‘ਉਹ ਕੰਮ ਦੇ ਹਰੇਕ ਦਿਨ ਲਈ 522 ਰੁਪਏ ਦੇ ਹੱਕਦਾਰ ਹਨ, ਬਸ਼ਰਤੇ ਉਹ ਨਿਰਧਾਰਤ ਡਿਊਟੀਆਂ ਪੂਰੀਆਂ ਕਰਦੇ ਹੋਣ। ਜੇਲ੍ਹ ਨਿਯਮਾਂ ਮੁਤਾਬਕ ਉਮਰ ਕੈਦ ਕੱਟ ਰਹੇ ਕੈਦੀਆਂ ਨੂੰ ਕਿਸੇ ਨਾ ਕਿਸੇ ਕਿਸਮ ਦੀ ਮਿਹਨਤ ਕਰਨੀ ਪੈਂਦੀ ਹੈ ਅਤੇ ਉਨ੍ਹਾਂ ਦੇ ਹੁਨਰ ਅਤੇ ਇੱਛਾ ਦੇ ਆਧਾਰ ’ਤੇ ਕੰਮ ਦਿੱਤੇ ਜਾਂਦੇ ਹਨ।’’
ਸੂਤਰਾਂ ਨੇ ਦੱਸਿਆ ਕਿ ਰੇਵੰਨਾ ਨੇ ਪ੍ਰਸ਼ਾਸਕੀ ਕੰਮ ਸੰਭਾਲਣ ਵਿੱਚ ਦਿਲਚਸਪੀ ਦਿਖਾਈ ਸੀ ਪਰ ਜੇਲ੍ਹ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਲਾਇਬਰੇਰੀ ਵਿੱਚ ਕੰਮ ਦੇਣ ਦਾ ਫ਼ੈਸਲਾ ਕੀਤਾ ਹੈ।
ਰੇਵੰਨਾ ਨੇ ਇਸ ਭੂਮਿਕਾ ਵਿੱਚ ਪਹਿਲਾਂ ਹੀ ਇੱਕ ਦਿਨ ਦਾ ਕੰਮ ਪੂਰਾ ਕਰ ਲਿਆ ਹੈ। ਕੈਦੀਆਂ ਤੋਂ ਆਮ ਤੌਰ ’ਤੇ ਹਫ਼ਤੇ ਵਿੱਚ ਤਿੰਨ ਦਿਨ, ਮਹੀਨੇ ’ਚ ਘੱਟੋ-ਘੱਟ 12 ਦਿਨ ਕੰਮ ਕਰਨ ਦੀ ਉਮੀਦ ਕੀਤੀ ਜਾਂਦੀ ਹੈ।
ਹਾਲਾਂਕਿ ਰੇਵੰਨਾ ਦੀ ਸਮਾਂ-ਸਾਰਣੀ ਇਸ ਵੇਲੇ ਸੀਮਤ ਹੈ ਕਿਉਂਕਿ ਉਹ ਅਦਾਲਤੀ ਕਾਰਵਾਈਆਂ ਵਿੱਚ ਸ਼ਾਮਲ ਹੋਣ ਅਤੇ ਆਪਣੇ ਵਕੀਲਾਂ ਨੂੰ ਮਿਲਣ ਵਿੱਚ ਸਮਾਂ ਬਿਤਾਉਂਦਾ ਹੈ।
ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ ਦੇ ਪੋਤੇ ਅਤੇ ਜੇਡੀ (ਐੱਸ) ਦੇ ਸੀਨੀਅਰ ਨੇਤਾ ਅਤੇ ਹੋਲੇਨਾਰਸੀਪੁਰਾ ਦੇ ਵਿਧਾਇਕ ਐੱਚ ਡੀ ਰੇਵੰਨਾ ਦੇ ਪੁੱਤਰ ਰੇਵੰਨਾ ਨੂੰ ਹਾਲ ਹੀ ਵਿੱਚ ਇੱਕ ਹੇਠਲੀ ਅਦਾਲਤ ਨੇ ਉਸ ਖ਼ਿਲਾਫ ਦਾਇਰ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ।