ਸਾਬਕਾ ਹੁਰੀਅਤ ਆਗੂ ਅਬਦੁਲ ਗਨੀ ਭੱਟ ਦਾ ਦੇਹਾਂਤ
ਹੁਰੀਅਤ ਕਾਨਫਰੰਸ ਦੇ ਸਾਬਕਾ ਚੇਅਰਮੈਨ ਅਬਦੁਲ ਗਨੀ ਭੱਟ ਦਾ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਸੋਪੋਰ ਸਥਿਤ ਆਪਣੇ ਘਰ ਵਿੱਚ 90 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ।
ਹੁਰੀਅਤ ਦੇ ਚੇਅਰਮੈਨ ਮੀਰਵਾਇਜ਼ ਉਮਰ ਫਾਰੂਕ ਨੇ ਕਿਹਾ ਕਿ ਭੱਟ, ਜੋ ਪਿਛਲੇ ਕੁਝ ਸਾਲਾਂ ਤੋਂ ਖਰਾਬ ਸਿਹਤ ਕਾਰਨ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਸਥਿਤ ਆਪਣੇ ਘਰ ਤੱਕ ਹੀ ਸੀਮਤ ਸਨ, ਨੇ ਅੱਜ ਸ਼ਾਮ ਆਖਰੀ ਸਾਹ ਲਿਆ।
ਮੀਰਵਾਇਜ਼ ਨੇ ਪੀਟੀਆਈ ਨੂੰ ਦੱਸਿਆ, ‘‘ਮੈਨੂੰ ਹੁਣੇ ਹੀ ਭੱਟ ਸਾਹਿਬ ਦੇ ਪੁੱਤਰ ਵੱਲੋਂ ਇੱਕ ਫੋਨ ਆਇਆ ਹੈ ਜਿਸ ਵਿੱਚ ਬਜ਼ੁਰਗ ਨੇਤਾ ਦੇ ਦੇਹਾਂਤ ਦੀ ਦੁਖਦਾਈ ਖ਼ਬਰ ਦੀ ਪੁਸ਼ਟੀ ਕੀਤੀ ਗਈ ਹੈ।’’
ਭੱਟ, ਜਿਨ੍ਹਾਂ ਦਾ ਜਨਮ 1935 ਵਿੱਚ ਹੋਇਆ ਸੀ, ਨੇ ਸ਼੍ਰੀਨਗਰ ਦੇ ਸ਼੍ਰੀ ਪ੍ਰਤਾਪ ਕਾਲਜ ਤੋਂ ਫਾਰਸੀ ਦੀ ਪੜ੍ਹਾਈ ਵਿੱਚ ਗ੍ਰੈਜੂਏਸ਼ਨ ਕੀਤੀ। ਅੱਗੇ ਜਾ ਕੇ ਉਨ੍ਹਾਂ ਫਾਰਸੀ ਵਿੱਚ ਪੋਸਟ ਗ੍ਰੈਜੂਏਟ ਡਿਗਰੀਆਂ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ।
ਪਰਿਵਾਰ ਦੇ ਨਜ਼ਦੀਕੀ ਸੂਤਰਾਂ ਨੇ ਦੱਸਿਆ ਭੱਟ ਨੂੰ ਸੋਪੋਰ ਵਿੱਚ ਉਸ ਦੇ ਜੱਦੀ ਕਬਰਿਸਤਾਨ ਵਿੱਚ ਦਫ਼ਨਾਏ ਜਾਣ ਦੀ ਸੰਭਾਵਨਾ ਹੈ।