ਫਰਾਂਸ ਦੇ ਸਾਬਕਾ ਰਾਸ਼ਟਰਪਤੀ ਸਰਕੋਜ਼ੀ ਨੂੰ ਪੰਜ ਸਾਲ ਦੀ ਕੈਦ
ਪੈਰਿਸ ਦੀ ਅਦਾਲਤ ਨੇ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਕਿਹਾ ਕਿ ਅਪੀਲ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਜੇਲ੍ਹ ਜਾਣਾ ਪਵੇਗਾ। ਇਹ ਫੈਸਲਾ ਲਿਬੀਆ ਵੱਲੋਂ ਗੈਰ-ਕਾਨੂੰਨੀ ਚੋਣ ਫੰਡਿੰਗ ਦੇ ਮਾਮਲੇ ਵਿੱਚ ਸਰਕੋਜ਼ੀ ਨੂੰ ਦੋਸ਼ੀ ਪਾਏ ਜਾਣ ਤੋਂ ਬਾਅਦ ਅੱਜ ਆਇਆ ਹੈ। ਅਦਾਲਤ ਨੇ ਕਿਹਾ ਕਿ ਉਨ੍ਹਾਂ ਨੂੰ ਜੇਲ੍ਹ ਭੇਜਣ ਦੀ ਤਰੀਕ ਬਾਅਦ ਵਿੱਚ ਤੈਅ ਕੀਤੀ ਜਾਵੇਗੀ, ਜਿਸ ਨਾਲ ਪੁਲੀਸ ਅਧਿਕਾਰੀਆਂ ਵੱਲੋਂ ਅਦਾਲਤ ’ਚੋਂ ਸਿੱਧੇ ਜੇਲ੍ਹ ਲੈ ਕੇ ਜਾਣ ਦੀ ਬੇਇੱਜ਼ਤੀ ਤੋਂ 70 ਸਾਲਾ ਸਾਬਕਾ ਰਾਸ਼ਟਰਪਤੀ ਦਾ ਬਚਾਅ ਹੋ ਗਿਆ। ਅਦਾਲਤ ਨੇ ਸਰਕੋਜ਼ੀ ਨੂੰ 2005 ਤੋਂ 2007 ਦਰਮਿਆਨ ਕੂਟਨੀਤਕ ਫਾਇਦਿਆਂ ਬਦਲੇ ਲਿਬੀਆ ਤੋਂ ਫੰਡ ਲੈ ਕੇ ਆਪਣੀ ਮੁਹਿੰਮ ਨੂੰ ਵਿੱਤ ਪ੍ਰਦਾਨ ਕਰਨ ਦੀ ਸਾਜ਼ਿਸ਼ ਵਿੱਚ ਅਪਰਾਧਿਕ ਸਹਿਯੋਗ ਦਾ ਦੋਸ਼ੀ ਪਾਇਆ ਪਰ ਅਦਾਲਤ ਨੇ ਉਨ੍ਹਾਂ ਨੂੰ ਤਿੰਨ ਹੋਰ ਦੋਸ਼ਾਂ ਜਿਨ੍ਹਾਂ ਵਿੱਚ ਅਸਿੱਧੇ ਭ੍ਰਿਸ਼ਟਾਚਾਰ, ਗੈਰ-ਕਾਨੂੰਨੀ ਚੋਣ ਫੰਡਿੰਗ ਅਤੇ ਸਰਕਾਰੀ ਫੰਡਾਂ ਦੇ ਗਬਨ ਨੂੰ ਛੁਪਾਉਣਾ ਸ਼ਾਮਲ ਹਨ, ਤੋਂ ਬਰੀ ਕਰ ਦਿੱਤਾ।
ਅਦਾਲਤ ਨੇ ਸਰਕੋਜ਼ੀ ਦੇ ਰਾਸ਼ਟਰਪਤੀ ਹੁੰਦਿਆਂ ਉਨ੍ਹਾਂ ਦੇ ਦੋ ਸਭ ਤੋਂ ਕਰੀਬੀ ਸਹਿਯੋਗੀਆਂ ਸਾਬਕਾ ਮੰਤਰੀ ਕਲਾਊਡ ਗੇਂਤ ਅਤੇ ਬ੍ਰਾਈਸ ਹੌਰਟਫਿਊਕਸ ਨੂੰ ਵੀ ਅਪਰਾਧਿਕ ਸਹਿਯੋਗ ਦਾ ਦੋਸ਼ੀ ਪਾਇਆ ਪਰ ਉਨ੍ਹਾਂ ਨੂੰ ਵੀ ਕੁਝ ਹੋਰ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ।