ਸਾਬਕਾ ਕੈਬਨਿਟ ਮੰਤਰੀ ਹਰਮੇਲ ਸਿੰਘ ਟੌਹੜਾ ਦਾ ਦੇਹਾਂਤ
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਹਰਮੇਲ ਸਿੰਘ ਟੌਹੜਾ (77) ਦਾ ਅੱਜ ਸ਼ਾਮ 6 ਵਜੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਸ਼ੂੁਗਰ ਅਤੇ ਡੇਂਗੂ ਤੋਂ ਪੀੜਤ ਸਨ। ਉਨ੍ਹਾਂ ਦੇ ਪੁੱਤਰ ਹਰਿੰਦਰਪਾਲ ਸਿੰਘ ਟੌਹੜਾ ਅਤੇ ਕਰਮਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ 23 ਸਤੰਬਰ ਨੂੰ ਸਵੇਰੇ 11 ਵਜੇ ਪਿੰਡ ਟੌਹੜਾ ਵਿੱਚ ਕੀਤਾ ਜਾਵੇਗਾ। ਹਰਮੇਲ ਸਿੰਘ ਟੌਹੜਾ 1997 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਉੱਤੇ ਹਲਕਾ ਡਕਾਲਾ ਤੋਂ ਚੋਣ ਲੜੇ ਸਨ। ਸ੍ਰੀ ਟੌਹੜਾ ਨੇ ਕਾਂਗਰਸ ਦੇ ਸੀਨੀਅਰ ਆਗੂ ਸਾਬਕਾ ਕੈਬਨਿਟ ਮੰਤਰੀ ਲਾਲ ਸਿੰਘ ਨੂੰ ਹਰਾਇਆ ਸੀ। ਉਪਰੰਤ ਉਹ ਪ੍ਰਕਾਸ਼ ਸਿੰਘ ਬਾਦਲ ਦੀ ਵਜ਼ਾਰਤ ਸਮੇਂ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਬਣੇ ਸਨ। ਹਰਮੇਲ ਸਿੰਘ ਟੌਹੜਾ ਨੇ ਇੱਥੋਂ ਬਹੁਤ ਵਾਰ ਚੋਣਾਂ ਲੜੀਆਂ ਪਰ ਉਹ ਮੁੜ ਸਫ਼ਲ ਨਾ ਹੋ ਸਕੇ। ਟੌਹੜਾ ਦੀ ਪਤਨੀ ਕੁਲਦੀਪ ਕੌਰ ਟੌਹੜਾ ਵੀ ਸਨੌਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਹਨ। ਬੀਬੀ ਟੌਹੜਾ ਵੀ ਵਿਧਾਨ ਸਭਾ ਚੋਣਾਂ ਲੜ ਚੁੱਕੇ ਹਨ। ਹਰਮੇਲ ਸਿੰਘ ਟੌਹੜਾ ਦੇ ਵੱਡੇ ਪੁੱਤਰ ਹਰਿੰਦਰਪਾਲ ਸਿੰਘ ਟੌਹੜਾ ਪਟਿਆਲਾ ਤੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਰਹਿ ਚੁੱਕੇ ਹਨ ਅਤੇ ਛੋਟੇ ਪੁੱਤਰ ਕਰਮਵੀਰ ਸਿੰਘ ਟੌਹੜਾ ਭਾਜਪਾ ਦੇ ਸੂਬਾਈ ਆਗੂ ਹਨ।