ਹਿਮਾਚਲ ਪ੍ਰਦੇਸ਼ ’ਚ ਹੜ੍ਹਾਂ ਨੇ ਮਚਾਇਆ ਕਹਿਰ
ਹਿਮਾਚਲ ਪ੍ਰਦੇਸ਼ ’ਚ ਕਈ ਥਾਵਾਂ ’ਤੇ ਭਾਰੀ ਮੀਂਹ ਮਗਰੋਂ ਢਿੱਗਾਂ ਡਿੱਗਣ ਤੇ ਅਚਾਨਕ ਹੜ੍ਹ ਆਉਣ ਕਾਰਨ ਦੁਕਾਨਾਂ ਰੁੜ੍ਹ ਗਈਆਂ, ਇਮਾਰਤਾਂ ਢਹਿ ਗਈਆਂ, ਰਾਜਮਾਰਗਾਂ ਨਾਲੋਂ ਸੰਪਰਕ ਟੁੱਟ ਗਿਆ ਤੇ ਰਿਹਾਇਸ਼ੀ ਇਲਾਕੇ ਡੁੱਬ ਗਏ। ਅਧਿਕਾਰੀਆਂ ਨੇ ਦੱਸਿਆ ਕਿ ਲੰਘੀ ਰਾਤ ਤੋਂ ਵਾਪਰੀਆਂ ਇਨ੍ਹਾਂ ਘਟਨਾਵਾਂ ’ਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਅੱਜ ਤੜਕੇ ਕੁੱਲੂ ਜ਼ਿਲ੍ਹੇ ਦੇ ਮਨਾਲੀ ’ਚ ਬਿਆਸ ਦਰਿਆ ’ਚ ਆਏ ਹੜ੍ਹ ਕਾਰਨ ਇੱਕ ਬਹੁ-ਮੰਜ਼ਿਲਾ ਹੋਟਲ ਤੇ ਚਾਰ ਦੁਕਾਨਾਂ ਰੁੜ੍ਹ ਗਈਆਂ। ਹੜ੍ਹ ਕਾਰਨ ਮਨਾਲੀ-ਲੇਹ ਰਾਜਮਾਰਗ ਵੀ ਕਈ ਥਾਵਾਂ ’ਤੇ ਬੰਦ ਹੋ ਗਿਆ ਹੈ। ਮੰਡੀ ਜ਼ਿਲ੍ਹੇ ਦੇ ਬਾਲੀਚੌਥੀ ਇਲਾਕੇ ’ਚ ਲੰਘੀ ਦੇਰ ਰਾਤ ਤਕਰੀਬਨ 40 ਦੁਕਾਨਾਂ ਵਾਲੀਆਂ ਦੋ ਇਮਾਰਤਾਂ ਢਹਿ ਗਈਆਂ। ਵੱਖ ਵੱਖ ਜ਼ਿਲ੍ਹਾ ਪ੍ਰਸ਼ਾਸਨਾਂ ਨੇ ਸਿੱਖਿਆ ਸੰਸਥਾਵਾਂ ਬੰਦ ਕਰਨ ਦਾ ਹੁਕਮ ਦਿੱਤਾ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿੱਚ ਭਾਰੀ ਮੀਂਹ ਕਾਰਨ ਕੁੱਲ 795 ਸੜਕਾਂ ਆਵਾਜਾਈ ਲਈ ਬੰਦ ਹਨ। ਜ਼ਿਕਰਯੋਗ ਹੈ ਕਿ 20 ਜੂਨ ਤੋਂ 25 ਅਗਸਤ ਵਿਚਾਲੇ ਹਿਮਾਚਲ ਪ੍ਰਦੇਸ਼ ’ਚ ਮੀਂਹ ਕਾਰਨ ਵਾਪਰੀਆਂ ਘਟਨਾਵਾਂ ’ਚ ਘੱਟੋ-ਘੱਟ 156 ਵਿਅਕਤੀਆਂ ਦੀ ਮੌਤ ਹੋ ਗਈ ਤੇ 38 ਲਾਪਤਾ ਹਨ। ਇਨ੍ਹਾਂ ਘਟਨਾਵਾਂ ਕਾਰਨ ਸੂਬੇ ਨੂੰ 2394 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। -ਪੀਟੀਆਈ
ਿਜਿਜੂ ਨੇ ਨਦੀ ’ਚ ਡਿੱਗੇ ਦੋ ਵਿਅਕਤੀਆਂ ਨੂੰ ਬਚਾਉਣ ਲਈ ਕਾਫਲਾ ਰੋਕਿਆ
ਕਾਰਗਿਲ: ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਅੱਜ ਕਸ਼ਮੀਰ ਤੋਂ ਕਾਰਗਿਲ ਜਾਂਦਿਆਂ ਲੱਦਾਖ ਵਿੱਚ ਪ੍ਰਾਈਵੇਟ ਵਾਹਨ ਦਰਾਸ ਨਦੀ ’ਚ ਡਿੱਗਿਆ ਦੇਖ ਕੇ ਮਦਦ ਕਰਨ ਲਈ ਆਪਣਾ ਕਾਫਲਾ ਰੁਕਵਾਇਆ। ਅਧਿਕਾਰੀਆਂ ਨੇ ਦੱਸਿਆ ਕਿ ਗੁਮਰੀ ਜਾ ਰਿਹਾ ‘ਕੈਂਪਰ 207’ ਵਾਹਨ ਮਿਨੀਮਾਰਗ ਪੁਲੀਸ ਚੌਕੀ ਨੇੜੇ ਖੁਸ਼ਾਲ ਮੋੜ ਤੋਂ ਤਿਲਕ ਕੇ ਨਦੀ ਵਿੱਚ ਡਿੱਗ ਗਿਆ, ਪਰ ਪੁਲੀਸ ਨੇ ਉਸ ਵਿੱਚ ਸਵਾਰ ਦੋਵਾਂ ਵਿਅਕਤੀਆਂ ਨੂੰ ਬਚਾਅ ਲਿਆ। ਮੰਤਰੀ ਨੇ ਪੀੜਤਾਂ ਨਾਲ ਆਪਣੀ ਗੱਲਬਾਤ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। -ਪੀਟੀਆਈ