ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ’ਚ ਹੜ੍ਹ: ਵਿਸ਼ੇਸ਼ ਗਿਰਦਾਵਰੀ ਅੱਜ ਤੋਂ

ਮੁੱਖ ਮੰਤਰੀ ਭਗਵੰਤ ਮਾਨ ਨੇ ਡੇਢ ਮਹੀਨੇ ’ਚ ਮੁਆਵਜ਼ਾ ਵੰਡਣ ਦਾ ਦਿੱਤਾ ਭਰੋਸਾ
Advertisement

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਡਿਪਟੀ ਕਮਿਸ਼ਨਰਾਂ ਨਾਲ ਵਰਚੁਅਲ ਮੀਟਿੰਗ ਕਰਨ ਮਗਰੋਂ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਡੇਢ ਮਹੀਨੇ ਦੇ ਅੰਦਰ-ਅੰਦਰ ਵੰਡਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁਆਵਜ਼ਾ ਵੰਡੇ ਜਾਣ ਤੱਕ ਉਹ ਚੈਨ ਨਾਲ ਨਹੀਂ ਬੈਠਣਗੇ। ਮੁੱਖ ਮੰਤਰੀ ਨੇ ਅੱਜ ਡਿਪਟੀ ਕਮਿਸ਼ਨਰਾਂ ਨੂੰ 13 ਸਤੰਬਰ ਤੋਂ ਹੀ ਵਿਸ਼ੇਸ਼ ਗਿਰਦਾਵਰੀ ਕਰਨ ਦੇ ਨਿਰਦੇਸ਼ ਜਾਰੀ ਕੀਤੇ। 30 ਤੋਂ 40 ਦਿਨਾਂ ’ਚ ਸਪੈਸ਼ਲ ਗਿਰਦਾਵਰੀ ਦਾ ਕੰਮ ਮੁਕੰਮਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੇ ਪਿੰਡ-ਪਿੰਡ ਅਧਿਕਾਰੀ ਜਾਣਗੇ, ਤਾਂ ਜੋ ਗਿਰਦਾਵਰੀ ਦਾ ਕੰਮ ਸਮੇਂ ਸਿਰ ਮੁਕੰਮਲ ਹੋ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਵਿਸ਼ੇਸ਼ ਗਿਰਦਾਵਰੀ ਦੀ ਰਿਪੋਰਟ ਤਿਆਰ ਹੋਣ ਮਗਰੋਂ ਕਿਸਾਨਾਂ ਨੂੰ ਦਰੁਸਤੀਆਂ ਲਈ ਹਫ਼ਤੇ ਦਾ ਸਮਾਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਕਿਸਾਨਾਂ ਨੂੰ ਮੁਆਵਜ਼ੇ ਲਈ ਖੱਜਲ ਖ਼ੁਆਰ ਹੋਣਾ ਪੈਂਦਾ ਸੀ ਪਰ ਉਹ ਕਿਸਾਨਾਂ ਦੀਆਂ ਤਕਲੀਫ਼ਾਂ ਨੂੰ ਚੰਗੇ ਤਰ੍ਹਾਂ ਸਮਝਦੇ ਹਨ ਅਤੇ ਬਿਨਾਂ ਕਿਸੇ ਦੇਰੀ ਦੇ ਮੁਆਵਜ਼ੇ ਦੀ ਵੰਡ ਯਕੀਨੀ ਬਣਾਈ ਜਾਵੇਗੀ।

Advertisement

ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਹੜ੍ਹਾਂ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਦਾ ’ਕੱਲਾ ’ਕੱਲਾ ਪੈਸਾ ਲੋਕਾਂ ਨੂੰ ਮਿਲ ਨਹੀਂ ਜਾਂਦਾ, ਓਨਾ ਸਮਾਂ ਉਹ ਨਾ ਖ਼ੁਦ ਚੈਨ ਨਾਲ ਬੈਠਣਗੇ ਅਤੇ ਨਾ ਹੀ ਅਧਿਕਾਰੀਆਂ ਨੂੰ ਬੈਠਣ ਦੇਣਗੇ। ਮੁੱਖ ਮੰਤਰੀ ਨੇ ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਕਰਕੇ ਦੱਸਿਆ ਕਿ ਦੀਵਾਲੀ ਤੱਕ ਮੁਆਵਜ਼ਾ ਰਾਸ਼ੀ ਲੋਕਾਂ ਤੱਕ ਪਹੁੰਚ ਜਾਵੇਗੀ ਅਤੇ ਕਿਸੇ ਵੀ ਘਰ ਦਾ ਚੁੱਲ੍ਹਾ ਬੁਝਣ ਨਹੀਂ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ਫ਼ਸਲਾਂ ਦੇ ਨੁਕਸਾਨ ਦਾ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਮਜ਼ਦੂਰਾਂ ਦੀ ਮਦਦ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਨੁਕਸਾਨੇ ਪਸ਼ੂ ਦੇ 37,500 ਰੁਪਏ ਮਿਲਣਗੇ। ਇਸੇ ਤਰ੍ਹਾਂ ਪੂਰਾ ਘਰ ਢਹਿਣ ’ਤੇ 1.20 ਲੱਖ ਰੁਪਏ ਮੁਆਵਜ਼ਾ ਮਿਲੇਗਾ, ਜਦਕਿ ਘਟ ਨੁਕਸਾਨੇ ਘਰ ਦਾ ਮੁਆਵਜ਼ਾ 40 ਹਜ਼ਾਰ ਰੁਪਏ ਪ੍ਰਤੀ ਘਰ ਦਿੱਤਾ ਜਾਵੇਗਾ। ਹੜ੍ਹਾਂ ’ਚ ਬੱਕਰੀ ਦਾ ਨੁਕਸਾਨ ਹੋਣ ’ਤੇ ਚਾਰ ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਬਾਕੀ ਜਾਨਵਰਾਂ ਦਾ ਵੀ ਨਿਯਮਾਂ ਅਨੁਸਾਰ ਮੁਆਵਜ਼ਾ ਦਿੱਤਾ ਮਿਲੇਗਾ।

ਉਨ੍ਹਾਂ ਅੱਜ ਡਿਪਟੀ ਕਮਿਸ਼ਨਰਾਂ ਨੂੰ ਪਾਣੀ ਘਟਣ ’ਤੇ ਫ਼ੌਰੀ ਵਿਸ਼ੇਸ਼ ਗਿਰਦਾਵਰੀ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜੇ ਗਿਰਦਾਵਰੀ ’ਚ ਕਿਸੇ ਅਧਿਕਾਰੀ ਨੇ ਕੁਤਾਹੀ ਕੀਤੀ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੇ ਖੇਤਾਂ ’ਚ ਚੜ੍ਹੀ ਰੇਤ ਹਟਾਉਣ ਲਈ ਪੰਜਾਬ ਸਰਕਾਰ ਨਵੀਆਂ ਜੇ ਸੀ ਬੀ ਮਸ਼ੀਨਾਂ ਖ਼ਰੀਦ ਰਹੀ ਹੈ।

ਮਾਨ ਨੇ ਦੱਸਿਆ ਕਿ ਹੜ੍ਹਾਂ ਕਾਰਨ ਹੁਣ ਤੱਕ 55 ਮੌਤਾਂ ਹੋ ਚੁੱਕੀਆਂ ਹਨ, ਜਿਨ੍ਹਾਂ ’ਚੋਂ 42 ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ। ਉਨ੍ਹਾਂ 12 ਹਜ਼ਾਰ ਕਰੋੜ ਦੇ ਵਿਵਾਦਤ ਰਾਹਤ ਫ਼ੰਡਾਂ ਬਾਰੇ ਵੀ ਸਪੱਸ਼ਟ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਦੇ ਸੱਤਾ ’ਚ ਆਉਣ ਮਗਰੋਂ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ ਤਹਿਤ 1582 ਕਰੋੜ ਰੁਪਏ ਪ੍ਰਾਪਤ ਹੋਏ ਸਨ, ਜਿਸ ’ਚੋਂ 649 ਕਰੋੜ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ।

ਮੁੱਖ ਮੰਤਰੀ ਨੇ ਵਿਰੋਧੀ ਆਗੂਆਂ ਵੱਲੋਂ ਕੀਤੀਆਂ ਟਿੱਪਣੀਆਂ ਦਾ ਵੀ ਜੁਆਬ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦਾਸਪੁਰ ਆਏ ਸਨ ਤਾਂ ਪਹਿਲੀ ਕਤਾਰ ’ਚ ਕਾਂਗਰਸ ’ਚੋਂ ਭਾਜਪਾ ’ਚ ਗਏ ਨੇਤਾ ਬੈਠੇ ਹੋਏ ਸਨ, ਜਦਕਿ ਅਸਲੀ ਭਾਜਪਾ ਵਾਲੇ ਚੌਥੀ-ਪੰਜਵੀਂ ਕਤਾਰ ’ਚ ਬਿਰਾਜਮਾਨ ਸਨ। ਉਨ੍ਹਾਂ ਸੁਨੀਲ ਜਾਖੜ ਨੂੰ ਮੁਖ਼ਾਤਬ ਹੁੰਦਿਆਂ ਆਖਿਆ, ‘ਸਾਡੇ ਨਾਮ ਸਿੱਖ ਲਓ, ਅੱਗੇ ਵੀ ਆਵਾਂਗੇ।’

ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਵੱਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਬੀਜ ਦੇਣ ਦੇ ਕੀਤੇ ਗਏ ਐਲਾਨ ’ਤੇ ਕਿਹਾ, ‘ਕਿਸਾਨ ਚੌਕਸ ਰਹਿਣ ਕਿਉਂਕਿ ਸੁਖਬੀਰ ਬਾਦਲ ਬੀਜ ਵੀ ਨਕਲੀ ਹੀ ਦੇਵੇਗਾ।’ ਮੁੱਖ ਮੰਤਰੀ ਨੇ ਕਿਹਾ ਕਿ ਸਾਬਕਾ ਖੇਤੀ ਮੰਤਰੀ ਮਰਹੂਮ ਤੋਤਾ ਸਿੰਘ ਵੇਲੇ ਦਾ ਬੀਜ ਘਪਲਾ ਕੋਈ ਭੁੱਲਿਆ ਨਹੀਂ ਅਤੇ ਸੁਖਬੀਰ ਬਾਦਲ ਕਿਤੇ ‘ਤੋਤਾ ਸਿੰਘ ਮੈਮੋਰੀਅਲ ਬੀਜ’ ਹੀ ਕਿਸਾਨਾਂ ਨੂੰ ਨਾ ਵੰਡ ਦੇਣ। ਅੱਜ ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰਾਂ ਨਾਲ ਹੋਈ ਵਰਚੁਅਲ ਮੀਟਿੰਗ ’ਚ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ, ਮੁੱਖ ਸਕੱਤਰ ਕੇਏਪੀ ਸਿਨਹਾ ਅਤੇ ਵਧੀਕ ਮੁੱਖ ਸਕੱਤਰ ਅਨੁਰਾਗ ਵਰਮਾ ਵੀ ਮੌਜੂਦ ਸਨ।

ਪ੍ਰਧਾਨ ਮੰਤਰੀ ਨੂੰ ਮਿਲਣ ਜਾਣਗੇ ਮੁੱਖ ਮੰਤਰੀ

ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਨੂੰ ਵੱਡੀ ਕੁਦਰਤੀ ਆਫ਼ਤ ਵਾਲਾ ਸੂਬਾ ਐਲਾਨਣ ਦਾ ਮੁੱਦਾ ਕੇਂਦਰ ਸਰਕਾਰ ਕੋਲ ਉਠਾਇਆ ਜਾਵੇਗਾ ਅਤੇ ਜਲਦੀ ਹੀ ਉਹ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਪੂਰਾ ਲੇਖਾ-ਜੋਖਾ ਤਿਆਰ ਕਰਕੇ ਪ੍ਰਧਾਨ ਮੰਤਰੀ ਨੂੰ ਮਿਲਣ ਜਾਣਗੇ। ਉਨ੍ਹਾਂ ਕਿਹਾ ਕਿ ਘਰਾਂ ਦੇ ਨੁਕਸਾਨ ਦੀ ਭਰਪਾਈ ਲਈ ਨਿਯਮਾਂ ’ਚ ਢਿੱਲ ਦੇਣ ਦਾ ਮਾਮਲਾ ਵੀ ਕੇਂਦਰ ਸਰਕਾਰ ਕੋਲ ਉਠਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਆਏ ਸਨ ਤਾਂ ਉਸ ਵੇਲੇ ਉਹ ਹਸਪਤਾਲ ’ਚ ਸਨ।

ਝੋਨੇ ਦੀ ਖ਼ਰੀਦ 16 ਤੋਂ

ਭਗਵੰਤ ਮਾਨ ਨੇ ਦੱਸਿਆ ਕਿ ਐਤਕੀਂ ਝੋਨੇ ਦੀ ਫ਼ਸਲ ਜਲਦੀ ਮੰਡੀਆਂ ’ਚ ਆ ਗਈ ਹੈ, ਜਿਸ ਦੀ ਖ਼ਰੀਦ ਲਈ ਤਿਆਰੀਆਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਦੀ ਖ਼ਰੀਦ 16 ਸਤੰਬਰ ਤੋਂ ਸ਼ੁਰੂ ਹੋਵੇਗੀ। ਇਸੇ ਦੌਰਾਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ 16 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਸਾਉਣੀ ਖ਼ਰੀਦ ਸੀਜ਼ਨ ਦੇ ਪ੍ਰਬੰਧਾਂ ਲਈ ਅੱਜ ਸਮੀਖਿਆ ਮੀਟਿੰਗ ਦਿੱਤੀ। ਮੀਟਿੰਗ ’ਚ ਮੰਡੀ ਬੋਰਡ ਦੇ ਸਕੱਤਰ ਰਾਮਵੀਰ ਵੀ ਹਾਜ਼ਰ ਸਨ। ਚੇਅਰਮੈਨ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੀਆਂ 1,822 ਮੰਡੀਆਂ ਪੁਖ਼ਤਾ ਪ੍ਰਬੰਧਾਂ ਨਾਲ ਲੈਸ ਹੋਣ।

Advertisement
Show comments