ਹੜ੍ਹਾਂ ਦੀ ਮਾਰ: ਹਿਮਾਚਲ ਵੱਲੋਂ ਪੌਂਗ ਡੈਮ ’ਚੋਂ ਘੱਟ ਪਾਣੀ ਛੱਡਣ ਦੀ ਅਪੀਲ
ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਨੇ ਪੰਜਾਬ ’ਚ ਹੜ੍ਹਾਂ ਦੇ ਵਧੇ ਖ਼ਤਰੇ ਦੇ ਮੱਦੇਨਜ਼ਰ ਅੱਜ ਐਮਰਜੈਂਸੀ ਮੀਟਿੰਗ ਕੀਤੀ, ਜਿਸ ’ਚ ਹਿਮਾਚਲ ਪ੍ਰਦੇਸ਼ ਨੇ ਪੌਂਗ ਡੈਮ ਤੋਂ ਬਿਆਸ ਦਰਿਆ ਵਿੱਚ ਵਾਧੂ ਪਾਣੀ ਛੱਡੇ ਜਾਣ ’ਤੇ ਇਤਰਾਜ਼ ਕੀਤੇ। ਹਿਮਾਚਲ ਪ੍ਰਦੇਸ਼ ਦੇ ਉੱਚ ਅਫ਼ਸਰਾਂ ਨੇ ਬੀਬੀਐੱਮਬੀ ਦੇ ਚੇਅਰਮੈਨ ਨੂੰ ਅਪੀਲ ਕੀਤੀ ਕਿ ਪੌਂਗ ਡੈਮ ’ਚੋਂ ਜ਼ਿਆਦਾ ਪਾਣੀ ਛੱਡੇ ਜਾਣ ਦੀ ਸੂਰਤ ਵਿੱਚ ਹਿਮਾਚਲ ਪ੍ਰਦੇਸ਼ ਦਾ ਇੱਕ ਖ਼ਿੱਤਾ ਵੱਧ ਪ੍ਰਭਾਵਿਤ ਹੋਵੇਗਾ ਅਤੇ ਇਹ ਖ਼ਿੱਤਾ ਪਹਿਲਾਂ ਹੀ ਪਾਣੀ ਦੀ ਮਾਰ ਹੇਠ ਹੈ। ਅੱਜ ਬੀਬੀਐੱਮਬੀ ਦੇ ਚੇਅਰਮੈਨ ਨੇ ਮੈਂਬਰ ਸੂਬਿਆਂ ਨਾਲ ਐਮਰਜੈਂਸੀ ਮੀਟਿੰਗ ’ਚ ਹੜ੍ਹਾਂ ਨਾਲ ਨਜਿੱਠਣ ਲਈ ਰਣਨੀਤੀ ਘੜੀ।
ਵੇਰਵਿਆਂ ਅਨੁਸਾਰ ਬੀਬੀਐੱਮਬੀ ਨੇ ਹਿਮਾਚਲ ਪ੍ਰਦੇਸ਼ ਦੀ ਮੰਗ ਠੁਕਰਾਉਂਦਿਆਂ ਕਿਹਾ ਕਿ ਪਹਿਲਾਂ ਹੀ ਸ਼ਡਿਊਲ ਤੈਅ ਹੋ ਚੁੱਕਾ ਹੈ, ਜਿਸ ’ਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ। ਆਉਂਦੇ ਦਿਨਾਂ ਵਿੱਚ ਪਹਾੜਾਂ ’ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਨਾਲ ਡੈਮਾਂ ਵਿੱਚ ਪਾਣੀ ਦੀ ਆਮਦ ਇਕਦਮ ਵਧ ਸਕਦੀ ਹੈ। ਅੱਜ ਮੀਟਿੰਗ ’ਚ ਡੈਮਾਂ ਨੂੰ ਖ਼ਾਲੀ ਰੱਖੇ ਜਾਣ ਅਤੇ ਪਹਾੜਾਂ ਦੇ ਪਾਣੀ ਨੂੰ ਸੰਭਾਲਣ ’ਤੇ ਧਿਆਨ ਕੇਂਦਰਿਤ ਕੀਤਾ ਗਿਆ। ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ’ਚ ਪਾਣੀ ਦੀ ਮਾਰ ਵਧ ਗਈ ਹੈ। ਪੌਂਗ ਡੈਮ ਤੋਂ ਅਗਲੇ ਦੋ ਦਿਨਾਂ ਤੱਕ 75 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਣਾ ਹੈ। ਪੌਂਗ ਡੈਮ ਤੋਂ ਰੋਜ਼ਾਨਾ ਬਿਆਸ ਦਰਿਆ ’ਚ ਛੱਡੇ ਜਾਣ ਵਾਲੀ ਪਾਣੀ ਦੀ ਮਾਤਰਾ ਵਧਾਈ ਜਾ ਰਹੀ ਹੈ। ਅੱਜ ਬਿਆਸ ਦਰਿਆ ਵਿੱਚ 65 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ, ਜਦਕਿ ਬੀਤੇ ਦਿਨ 60 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਸੀ। ਫ਼ਿਕਰਮੰਦੀ ਇਸ ਗੱਲ ਦੀ ਹੈ ਕਿ ਅੱਜ ਪੌਂਗ ਡੈਮ ਵਿੱਚ ਪਹਾੜਾਂ ਤੋਂ ਪਾਣੀ ਦੀ ਆਮਦ ਇੱਕ ਲੱਖ ਕਿਊਸਿਕ ਹੋ ਗਈ ਹੈ। ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ’ਚ ਹੜ੍ਹਾਂ ਨੇ ਕਾਫ਼ੀ ਤਬਾਹੀ ਮਚਾਈ ਹੋਈ ਹੈ ਅਤੇ ਅੱਜ ਇਸ ਜ਼ਿਲ੍ਹੇ ’ਚ ਇੱਕ ਕਾਰ ਹੜ੍ਹ ’ਚ ਰੁੜ੍ਹ ਗਈ, ਜਿਸ ਦੇ ਚਾਲਕ ਨੂੰ ਲੋਕਾਂ ਨੇ ਬਚਾਇਆ। ਭਾਖੜਾ ਡੈਮ ਦੇ ਚਾਰ ਫਲੱਡ ਗੇਟ ਦੋ ਦੋ ਫੁੱਟ ਤੱਕ ਮੁੜ ਖੋਲ੍ਹੇ ਗਏ। ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1666.32 ਫੁੱਟ ’ਤੇ ਪੁੱਜ ਗਿਆ ਹੈ ਅਤੇ ਭਾਖੜਾ ਡੈਮ ਵਿੱਚ ਪਾਣੀ ਦੀ ਆਮਦ 40 ਹਜ਼ਾਰ ਕਿਊਸਿਕ ਔਸਤ ਰਹੀ। ਅੱਜ ਸਵੇਰੇ ਇਹ ਆਮਦ 80 ਹਜ਼ਾਰ ਕਿਊਸਿਕ ਵੀ ਰਹੀ ਸੀ। ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿੱਚ 43 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ ’ਚ ਪਾਣੀ ਦੀ ਮਾਰ ਹੋਰ ਵਧਣ ਦਾ ਖ਼ਦਸ਼ਾ
ਪਤਾ ਲੱਗਿਆ ਹੈ ਕਿ ਜਦੋਂ ਸਤਲੁਜ ’ਚ ਛੱਡਿਆ ਵਾਧੂ ਪਾਣੀ ਹਰੀ ਕੇ ਹੈੱਡ ਵਰਕਸ ’ਤੇ ਪੁੱਜੇਗਾ ਤਾਂ ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ’ਚ ਪਾਣੀ ਦੀ ਮਾਰ ਹੋਰ ਵਧਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ 24-25 ਅਗਸਤ ਨੂੰ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਕੁੱਝ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਪਏ ਮੀਂਹ ਨਾਲ ਕਈ ਸ਼ਹਿਰ ਅੱਜ ਜਲ-ਥਲ ਹੋ ਗਏ ਹਨ।
ਪੌਂਗ ਡੈਮ ਵਿੱਚੋਂ ਬਿਆਸ ਦਰਿਆ ਵਿੱਚ ਪਾਣੀ ਛੱਡਿਆ
ਤਲਵਾੜਾ (ਦੀਪਕ ਠਾਕੁਰ): ਇੱਥੇ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1384 ਫੁੱਟ ਦੇ ਨੇੜੇ ਹੈ। ਮਹਾਰਾਣਾ ਪ੍ਰਤਾਪ ਸਾਗਰ ਝੀਲ ਵਿੱਚ ਪਾਣੀ ਦੀ ਆਮਦ 1.30 ਲੱਖ ਕਿਊਸਕ ਹੈ। ਡੈਮ ਵਿੱਚੋਂ 65 ਹਜ਼ਾਰ ਕਿਊਸਕ ਤੋਂ ਵਧ ਪਾਣੀ ਸ਼ਾਹ ਨਹਿਰ ਬੈਰਾਜ ਨੂੰ ਛੱਡਿਆ ਜਾ ਰਿਹਾ ਹੈ। ਬੀਬੀਐੱਮਬੀ ਦੇ ਪ੍ਰਬੰਧਕਾਂ ਵੱਲੋਂ ਇਹ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਹਿਮਾਚਲ ਪ੍ਰਦੇਸ਼ ਅਤੇ ਪੌਂਗ ਡੈਮ ਦੇ ਕੈਚਮੈਂਟਰ ਖੇਤਰ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਪੌਂਗ ਡੈਮ ਦੀ ਝੀਲ ’ਚ ਪਾਣੀ ਦੀ ਆਮਦ ਇੱਕ ਲੱਖ ਕਿਊਸਕ ਤੋਂ ਉਪਰ ਚੱਲ ਰਹੀ ਹੈ। ਡੈਮ ’ਚ ਪਾਣੀ ਦਾ ਪੱਧਰ 1383.64 ਫੁੱਟ ਹੈ। ਜਦਕਿ ਡੈਮ ਦੀ ਸਮਰੱਥਾ 1390 ਫੁੱਟ ਹੈ, ਜਿਸ ਨੂੰ ਲੋੜ ਮੁਤਾਬਕ 1405 ਫੁੱਟ ਤੱਕ ਵਧਾਇਆ ਜਾ ਸਕਦਾ ਹੈ। ਬੀਬੀਐੱਮਬੀ ਨੇ ਇਹਤਿਆਤ ਵਜੋਂ ਬੀਤੀ 6 ਅਗਸਤ ਨੂੰ ਡੈਮ ਦੇ ਫਲੱਡ ਗੇਟ ਖੋਲ੍ਹ ਦਿੱਤੇ ਸਨ। ਡੈਮ ਦੇ ਕੈਚਮੈਂਟਰ ਖੇਤਰ ’ਚ ਲਗਾਤਾਰ ਮੀਂਹ ਪੈ ਰਿਹਾ ਹੈ ਅਤੇ ਬੀਬੀਐੱਮਬੀ ਨੇ ਡੈਮ ਵਿੱਚੋਂ 75 ਹਜ਼ਾਰ ਕਿਊਸਕ ਤੱਕ ਹੌਲੀ-ਹੌਲੀ ਪਾਣੀ ਛੱਡਣ ਦਾ ਫੈਸਲਾ ਕੀਤਾ ਹੈ। ਅੱਜ 15ਵੇਂ ਦਿਨ ਡੈਮ ਤੋਂ 65789 ਕਿਊਸਕ ਪਾਣੀ ਸ਼ਾਹ ਨਹਿਰ ਬੈਰਾਜ ਰਾਹੀਂ ਛੱਡਿਆ ਜਾ ਰਿਹਾ ਹੈ। ਅੱਗਿਓਂ ਸ਼ਾਹ ਨਹਿਰ ਬੈਰਾਜ ਤੋਂ ਮੁਕੇਰੀਆਂ ਹਾਈਡਲ ਨਹਿਰ ਵਿੱਚ 11500 ਕਿਊਸਕ ਅਤੇ ਬਿਆਸ ਦਰਿਆ ’ਚ 54 ਹਜ਼ਾਰ ਕਿਊਸਕ ਤੋਂ ਵਧ ਪਾਣੀ ਛੱਡਿਆ ਜਾ ਰਿਹਾ ਹੈ। ਬਿਆਸ ਦਰਿਆ ਦੇ ਕੰਢੇ ਵਸੇ ਇਲਾਕਿਆਂ ’ਚ ਹੜ੍ਹ ਵਾਲੇ ਹਾਲਾਤ ਬਣ ਗਏ ਹਨ।