ਹੜ੍ਹਾਂ ਦਾ ਪਾਣੀ ਘਟਿਆ, ਮੁਸੀਬਤਾਂ ਨਹੀਂ
ਭਿਆਨਕ ਹੜ੍ਹਾਂ ਦੀ ਮਾਰ ਮਗਰੋਂ ਹੁਣ ਡੈਮਾਂ ’ਚ ਪਾਣੀ ਦਾ ਪੱਧਰ ਘਟਣ ਲੱਗ ਪਿਆ ਹੈ ਜਿਸ ਕਾਰਨ ਸਤਲੁਜ ਅਤੇ ਬਿਆਸ ਦਰਿਆਵਾਂ ’ਚ ਪਾਣੀ ਛੱਡਣ ’ਚ ਕਟੌਤੀ ਹੋਣ ਲੱਗ ਪਈ ਹੈ। ਸਤਲੁਜ ’ਚ ਅੱਜ ਪੰਜ ਹਜ਼ਾਰ ਕਿਊਸਕ ਜਦਕਿ ਬਿਆਸ ਦਰਿਆ ’ਚ 15 ਹਜ਼ਾਰ ਕਿਊਸਕ ਪਾਣੀ ਘੱਟ ਕਰ ਦਿੱਤਾ ਗਿਆ। ਪਹਾੜਾਂ ’ਚੋਂ ਵੀ ਡੈਮਾਂ ’ਚ ਪਾਣੀ ਆਉਣਾ ਘਟ ਗਿਆ ਹੈ। ਪੰਜਾਬ ਸਰਕਾਰ ਅਤੇ ਆਮ ਲੋਕਾਂ ਦਾ ਹੁਣ ਸਾਰਾ ਧਿਆਨ ਘੱਗਰ ਅਤੇ ਸਤਲੁਜ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ’ਤੇ ਕੇਂਦਰਿਤ ਹੋ ਗਿਆ ਹੈ। ਘੱਗਰ ਦਾ ਖ਼ਤਰਾ ਹਾਲੇ ਟਲਿਆ ਨਹੀਂ ਹੈ ਜਿਸ ਕਾਰਨ ਲੋਕਾਂ ਦੇ ਫ਼ਿਕਰ ਵੀ ਜਿਉਂ ਦੇ ਤਿਉਂ ਹਨ। ਭਾਖੜਾ ਡੈਮ ’ਚ ਪਾਣੀ ਦਾ ਪੱਧਰ ਹੁਣ 1677.59 ਫੁੱਟ ਅਤੇ ਪੌਂਗ ਡੈਮ ’ਚ 1392.06 ਫੁੱਟ ’ਤੇ ਆ ਗਿਆ ਹੈ। ਇਸੇ ਤਰ੍ਹਾਂ ਰਣਜੀਤ ਸਾਗਰ ਡੈਮ ’ਚ ਪਾਣੀ ਦਾ ਪੱਧਰ 524.683 ਮੀਟਰ ’ਤੇ ਆ ਗਿਆ ਹੈ। ਹਰੀਕੇ ਕੋਲ ਹੁਣ ਪਾਣੀ 2.60 ਲੱਖ ਕਿਊਸਕ ਹੀ ਰਹਿ ਗਿਆ ਹੈ ਜੋ ਪਹਿਲਾਂ ਸਵਾ ਤਿੰਨ ਲੱਖ ਕਿਊਸਕ ਤੱਕ ਪੁੱਜ ਗਿਆ ਸੀ। ਬੇਸ਼ੱਕ ਹਾਲੇ ਚਿੰਤਾਵਾਂ ਘਟੀਆਂ ਨਹੀਂ ਹਨ ਪ੍ਰੰਤੂ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਮੋੜਾ ਪੈਣ ਲੱਗ ਪਿਆ ਹੈ। ਖ਼ਾਸ ਕਰਕੇ ਰਾਵੀ ਤੇ ਬਿਆਸ ਦੀ ਮਾਰ ਤੋਂ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ। ਰਾਹਤ ਕਾਰਜ ਹੋਰ ਜ਼ਿਆਦਾ ਤੇਜ਼ ਹੋ ਗਏ ਹਨ। ਮੌਸਮ ਵਿਭਾਗ ਨੇ ਸੋਮਵਾਰ ਨੂੰ ਸੂਬੇ ਦੀਆਂ ਅਲੱਗ ਅਲੱਗ ਥਾਵਾਂ ’ਤੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਜਿਨ੍ਹਾਂ ਪਿੰਡਾਂ ’ਚ ਪਾਣੀ ਘਟਿਆ ਹੈ, ਉਨ੍ਹਾਂ ਪਿੰਡਾਂ ਦੇ ਲੋਕ ਆਪੋ-ਆਪਣੇ ਘਰਾਂ ਨੂੰ ਪਰਤਣ ਲੱਗ ਪਏ ਹਨ। ਘੱਗਰ ਦਾ ਸਹਿਮ ਬਣਿਆ ਹੋਇਆ ਹੈ। ਪਹਾੜਾਂ ’ਚੋਂ ਘੱਗਰ ’ਚ ਪਾਣੀ ਦੀ ਆਮਦ ਬਹੁਤ ਥੋੜ੍ਹੀ ਰਹਿ ਗਈ ਹੈ ਪ੍ਰੰਤੂ ਟਾਂਗਰੀ ਅਤੇ ਮਾਰਕੰਡਾ ਦੇ ਪਾਣੀ ਨੇ ਸੰਗਰੂਰ, ਪਟਿਆਲਾ ਅਤੇ ਮਾਨਸਾ ਦੇ ਲੋਕਾਂ ਦੇ ਸਾਹ ਸੂਤ ਰੱਖੇ ਹਨ। ਹਰਿਆਣਾ ਦਾ ਇਹ ਪਾਣੀ ਘੱਗਰ ’ਚ ਸ਼ਾਮਲ ਹੋ ਰਿਹਾ ਹੈ। ਟਾਂਗਰੀ ’ਚੋਂ 56 ਹਜ਼ਾਰ ਕਿਊਸਕ ਅਤੇ ਮਾਰਕੰਡਾ ’ਚੋਂ 45 ਹਜ਼ਾਰ ਕਿਊਸਕ ਪਾਣੀ ਘੱਗਰ ’ਚ ਮਿਲ ਰਿਹਾ ਹੈ। ਘੱਗਰ ’ਤੇ ਅੱਜ ਹਰਚੰਦਪੁਰਾ ਬੰਨ੍ਹ ਦੇ ਖੁਰਨ ਦਾ ਖ਼ਤਰਾ ਬਣ ਗਿਆ ਸੀ ਪਰ ਫ਼ੌਜ ਦੇ ਜਵਾਨਾਂ ਅਤੇ ਆਮ ਲੋਕਾਂ ਨੇ ਫ਼ੌਰੀ ਬੰਨ੍ਹ ਮਜ਼ਬੂਤ ਕਰ ਦਿੱਤਾ। ਜੇ ਆਉਂਦੇ ਦਿਨਾਂ ’ਚ ਮੀਂਹ ਨਾ ਪਿਆ ਤਾਂ ਘੱਗਰ ਦੀ ਸਥਿਤੀ ਕੰਟਰੋਲ ’ਚ ਆ ਸਕਦੀ ਹੈ। ਸਤਲੁਜ ਦਰਿਆ ’ਤੇ ਅੱਜ ਲਾਡੋਵਾਲ ਨੇੜੇ ਬੰਨ੍ਹ ਨੂੰ ਖ਼ਤਰਾ ਬਣ ਗਿਆ ਸੀ ਜਿਸ ਨੂੰ ਫ਼ੌਰੀ ਮਜ਼ਬੂਤ ਕਰਨ ਲਈ ਲੋਕ ਪੁੱਜ ਗਏ। ਇਸੇ ਤਰ੍ਹਾਂ ਮੱਤੇਵਾੜਾ ਨੇੜੇ ਬੰਨ੍ਹ ਨੂੰ ਢਾਹ ਲਾਉਣ ਵਾਸਤੇ ਵਧ ਰਹੇ ਪਾਣੀ ਦੇ ਮੱਦੇਨਜ਼ਰ ਫ਼ੌਰੀ ਪ੍ਰਸ਼ਾਸਨ ਤੇ ਲੋਕਾਂ ਨੇ ਬੰਨ੍ਹ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਕੋਲ ਪਿੰਡ ਖਿਜਰਪੁਰ ਕੋਲ ਵੀ ਬੰਨ੍ਹ ਨੂੰ ਖੋਰਾ ਲੱਗਣ ਦਾ ਡਰ ਪੈਦਾ ਹੋ ਗਿਆ ਸੀ। ਨਵਾਂ ਸ਼ਹਿਰ ਜ਼ਿਲ੍ਹੇ ’ਚ ਬੁਰਜ ਟਹਿਲ ਕੋਲ ਵੀ ਬੰਨ੍ਹ ਨੂੰ ਖ਼ਤਰਾ ਬਣਨ ਦਾ ਸਮਾਚਾਰ ਹੈ। ਘੱਗਰ ’ਤੇ ਫ਼ੌਜ, ਐੱਨਡੀਆਰਐੱਫ ਅਤੇ ਪੁਲੀਸ ਵੱਲੋਂ ਨਿਗਰਾਨੀ ਰੱਖੀ ਜਾ ਰਹੀ ਹੈ। ਜਲ ਸਰੋਤ ਵਿਭਾਗ ਤਰਫ਼ੋਂ ਇਸ ਵਾਰ ਲੱਖਾਂ ਗੱਟਿਆਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਸੈਂਕੜੇ ਮਜ਼ਦੂਰ ਵੀ ਰੱਖੇ ਹਨ। ਘੱਗਰ ’ਚ ਸਰਦੂਲਗੜ੍ਹ ਕੋਲ ਪਾਣੀ ਦਾ ਪੱਧਰ ਬਣਿਆ ਹੋਇਆ ਹੈ। ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਵਣਾਂਵਾਲੀ ਵੱਲੋਂ ਦਿਨ-ਰਾਤ ਘੱਗਰ ’ਤੇ ਨਜ਼ਰ ਰੱਖੀ ਜਾ ਰਹੀ ਹੈ। ਰਾਵੀ ਦਰਿਆ ’ਤੇ ਮਾਛੀਵਾਲ ਦੇ ਬੰਨ੍ਹ ਨੂੰ ਭਰਨ ਲਈ ਬਾਬਾ ਜਗਤਾਰ ਸਿੰਘ ਜੀ ਤਰਨ ਤਰਨ ਵਾਲਿਆਂ ਨੇ ਕਾਰ ਸੇਵਾ ਸ਼ੁਰੂ ਕੀਤੀ ਜਿਸ ’ਚ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਹਿੱਸਾ ਲਿਆ।
ਸਭ ਤੋਂ ਵੱਧ ਨੁਕਸਾਨ ਪੰਚਾਇਤ ਵਿਭਾਗ ਨੂੰ ਹੋਇਆ
ਪੰਜਾਬ ਸਰਕਾਰ ਦੀ ਰਿਪੋਰਟ ਅਨੁਸਾਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦਾ ਸਭ ਤੋਂ ਵੱਧ 5043 ਕਰੋੜ ਦਾ ਨੁਕਸਾਨ ਹੜ੍ਹਾਂ ਕਾਰਨ ਹੋ ਗਿਆ ਹੈ। ਕੇਂਦਰੀ ਟੀਮਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਮੈਮੋਰੰਡਮ ’ਚ ਕੁੱਲ 13 ਹਜ਼ਾਰ ਕਰੋੜ ਦੇ ਨੁਕਸਾਨ ਦੀ ਗੱਲ ਆਖੀ ਗਈ ਹੈ। ਇਸ ’ਚ ਫ਼ਸਲੀ ਮੁਆਵਜ਼ੇ ਵਜੋਂ 1858 ਕਰੋੜ, ਜਲ ਸਰੋਤ ਵਿਭਾਗ ਦੇ 1520 ਕਰੋੜ, ਪੰਜਾਬ ਮੰਡੀ ਬੋਰਡ ਦੇ 1022 ਕਰੋੜ ਅਤੇ ਖੇਤੀ ਵਿਭਾਗ ਦੇ 317 ਕਰੋੜ ਦੇ ਨੁਕਸਾਨ ਦੀ ਗੱਲ ਕੀਤੀ ਗਈ ਹੈ। ਸਕੂਲਾਂ ਦਾ ਨੁਕਸਾਨ 542 ਕਰੋੜ ਦਾ ਦੱਸਿਆ ਗਿਆ ਹੈ।