ਹਿਮਾਚਲ ਪ੍ਰਦੇਸ਼ ਦੇ ਸੱਤ ਜ਼ਿਲ੍ਹਿਆਂ ਵਿਚ ਹੜ੍ਹਾਂ ਦੀ ਚੇਤਾਵਨੀ
ਨਦੀਆਂ ਨਾਲਿਆਂ ’ਚ ਪਾਣੀ ਦਾ ਪੱਧਰ ਵੱਧਣ ਤੇ ਨੀਵੇਂ ਇਲਾਕਿਆਂ ’ਚ ਪਾਣੀ ਭਰਨ ਦੀ ਸੰਭਾਵਨਾ; ਸ਼ਿਮਲਾ, ਸੋਲਨ, ਕੁੱਲੂ, ਮੰਡੀ, ਹਮੀਰਪੁਰ, ਬਿਲਾਸਪੁਰ, ਚੰਬਾ, ਕਾਂਗੜਾ ਅਤੇ ਸਿਰਮੌਰ ਜ਼ਿਲ੍ਹਿਆਂ ਲਈ ਸੰਤਰੀ ਅਲਰਟ
ਟ੍ਰਿਬਿਊਨ ਨਿਊਜ਼ ਸਰਵਿਸ
ਸ਼ਿਮਲਾ, 30 ਜੂਨ
ਭਾਰਤੀ ਮੌਸਮ ਵਿਭਾਗ ਦੀ ਹਾਈਡਰੋ ਮੈਟਰੋਲੋਜੀਕਲ ਡਿਵੀਜ਼ਨ ਨੇ ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਰਕੇ ਅਗਲੇ 24 ਘੰਟਿਆਂ ਵਿਚ ਪਹਾੜੀ ਰਾਜ ਦੇ ਸੱਤ ਜ਼ਿਲ੍ਹਿਆਂ ਵਿਚ ਹੜ੍ਹਾਂ ਦੀ ਚੇਤਾਵਨੀ ਦਿੱਤੀ ਹੈ। ਇਸ ਅਨੁਸਾਰ ਅਗਲੇ 24 ਘੰਟਿਆਂ ਵਿਚ ਰਾਜ ਦੇ ਚੰਬਾ, ਕਾਂਗੜਾ, ਕੁੱਲੂ, ਮੰਡੀ, ਸ਼ਿਮਲਾ, ਸਿਰਮੌਰ ਅਤੇ ਸੋਲਨ ਜ਼ਿਲ੍ਹਿਆਂ ਦੇ ਕੁਝ ਜਲ-ਖੇਤਰਾਂ (ਨਦੀਆਂ-ਨਾਲਿਆਂ) ਅਤੇ ਨੇੜਲੇ ਇਲਾਕਿਆਂ ਵਿੱਚ 1 ਜੁਲਾਈ ਤੱਕ ਦਰਮਿਆਨੇ ਤੋਂ ਉੱਚ ਪੱਧਰੀ ਹੜ੍ਹਾਂ ਦਾ ਬਹੁਤ ਜ਼ਿਆਦਾ ਖ਼ਤਰਾ ਹੈ। ਹੜ੍ਹਾਂ ਕਰਕੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਦੀ ਸੰਭਾਵਨਾ ਹੈ।
ਇਸੇ ਤਰ੍ਹਾਂ ਸ਼ਿਮਲਾ, ਸੋਲਨ, ਕੁੱਲੂ, ਮੰਡੀ, ਹਮੀਰਪੁਰ, ਬਿਲਾਸਪੁਰ, ਚੰਬਾ, ਕਾਂਗੜਾ ਅਤੇ ਸਿਰਮੌਰ ਜ਼ਿਲ੍ਹਿਆਂ ਲਈ ਸੰਤਰੀ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿਸ ਦੇ ਨਤੀਜੇ ਵਜੋਂ ਅਗਲੇ ਕੁਝ ਘੰਟਿਆਂ ਦੌਰਾਨ ਇਨ੍ਹਾਂ ਜ਼ਿਲ੍ਹਿਆਂ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਭਾਰੀ ਮੀਂਹ ਦੇ ਨਾਲ-ਨਾਲ ਗਰਜ ਨਾਲ ਤੂਫ਼ਾਨ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਰਾਜਧਾਨੀ ਸ਼ਿਮਲਾ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅਤੇ ਅਗਲੇ ਕੁਝ ਘੰਟਿਆਂ ਦੌਰਾਨ ਦਿਸਣ ਹੱਦ ਵੀ ਘੱਟ ਰਹੇਗੀ।