ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ’ਚ ਹੜ੍ਹਾਂ ਦਾ ਖ਼ਤਰਾ: ਪੌਂਗ ਡੈਮ ਤੋਂ ਅੱਜ ਛੱਡਿਆ ਜਾਵੇਗਾ ਦੁੱਗਣਾ ਪਾਣੀ

ਡੈਮ ’ਚ ਪਾਣੀ ਦਾ ਪੱਧਰ ਦੋ ਦਹਾਕੇ ਦੀ ਔਸਤ ਤੋਂ ਵਧਿਆ
Advertisement

 

ਪੰਜਾਬ ’ਚ ਹੜ੍ਹਾਂ ਦੀ ਸਥਿਤੀ ਗੰਭੀਰ ਹੋ ਗਈ ਹੈ। ਪੌਂਗ ਡੈਮ ਤੋਂ ਵੀਰਵਾਰ ਨੂੰ ਕਰੀਬ 22 ਹਜ਼ਾਰ ਕਿਊਸਿਕ ਪਾਣੀ ਬਿਆਸ ਦਰਿਆ ’ਚ ਛੱਡਿਆ ਜਾਣਾ ਹੈ। ਪੌਂਗ ਡੈਮ ਵਿੱਚ ਅੱਜ ਪਾਣੀ ਦਾ ਪੱਧਰ 1374 ਫੁੱਟ ਹੋ ਗਿਆ ਜੋ ਪਿਛਲੇ 20 ਸਾਲਾਂ ’ਚ ਇਨ੍ਹਾਂ ਦਿਨਾਂ ਦੀ ਔਸਤ ਦੇ ਮੁਕਾਬਲੇ 25 ਫੁੱਟ ਜ਼ਿਆਦਾ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਅਤੇ ਪੰਜਾਬ ਦੇ ਜਲ ਸਰੋਤ ਵਿਭਾਗ ਨੇ ਅੱਜ ਮੀਟਿੰਗ ਕਰਕੇ ਡੈਮਾਂ ਵਿੱਚ ਪਾਣੀ ਦੇ ਪੱਧਰ ਨੂੰ ਦੇਖਦਿਆਂ ਰਣਨੀਤੀ ਘੜੀ ਹੈ। ਮੀਟਿੰਗ ਵਿੱਚ ਪੌਂਗ ਡੈਮ ਤੋਂ ਕੁੱਲ 40 ਹਜ਼ਾਰ ਕਿਊਸਿਕ ਪਾਣੀ ਛੱਡਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਵੇਲੇ ਪੌਂਗ ਡੈਮ ਤੋਂ ਬਿਆਸ ਦਰਿਆ ਵਿੱਚ 18 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਸ ਤੋਂ ਇਲਾਵਾ 22 ਹਜ਼ਾਰ ਕਿਊਸਿਕ ਹੋਰ ਪਾਣੀ ਵੀਰਵਾਰ ਤੋਂ ਬਿਆਸ ਦਰਿਆ ਵਿੱਚ ਆਏਗਾ। ਬਿਆਸ ਦਰਿਆ ਵਿੱਚ ਇਕਦਮ ਵਾਧੂ ਪਾਣੀ ਆਉਣ ਨਾਲ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਤਰਨ ਤਾਰਨ ਅਤੇ ਹਰੀਕੇ ਦੇ ਇਲਾਕਿਆਂ ਲਈ ਖ਼ਤਰਾ ਖੜ੍ਹਾ ਹੋ ਸਕਦਾ ਹੈ। ਬੇਸ਼ੱਕ ਪਹਾੜਾਂ ਵਿੱਚ ਬਾਰਸ਼ ਰੁਕੀ ਹੋਈ ਹੈ ਪ੍ਰੰਤੂ ਪੌਂਗ ਡੈਮ ਵਿੱਚ ਔਸਤਨ ਰੋਜ਼ਾਨਾ 88 ਹਜ਼ਾਰ ਕਿਊਸਿਕ ਪਾਣੀ ਆ ਰਿਹਾ ਹੈ। ਮੀਟਿੰਗ ਦੌਰਾਨ ਇਹ ਯੋਜਨਾ ਵੀ ਬਣੀ ਕਿ ਬਿਆਸ ਸਤਲੁਜ ਲਿੰਕ ਜ਼ਰੀਏ 8500 ਕਿਊਸਿਕ ਪਾਣੀ ਨੂੰ ਭਾਖੜਾ ਡੈਮ ਵੱਲ ਮੋੜਾ ਦੇ ਦਿੱਤਾ ਜਾਵੇ। ਮਾਨਸੂਨ ਸੀਜ਼ਨ ਦਾ ਇੱਕ ਤਿਹਾਈ ਹੀ ਲੰਘਿਆ ਹੈ ਅਤੇ ਸਤੰਬਰ ਤੱਕ ਸੀਜ਼ਨ ਚੱਲਣਾ ਹੈ ਜਿਸ ਕਰਕੇ ਪੰਜਾਬ ਸਰਕਾਰ ਦੀ ਚਿੰਤਾ ਵਧੀ ਹੋਈ ਹੈ। ਘੱਗਰ ਦਰਿਆ ਵਿੱਚ ਵੀ ਪਾਣੀ ਦਾ ਪੱਧਰ ਵਧਣ ਲੱਗ ਪਿਆ ਹੈ। ਅੱਜ ਸ਼ਾਮ ਘੱਗਰ ਵਿੱਚ 55 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਸੀ। ਪਟਿਆਲਾ ਪ੍ਰਸ਼ਾਸਨ ਨੇ ਰਾਜਪੁਰਾ ਅਤੇ ਘਨੌਰ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਅਲਰਟ ਕਰ ਦਿੱਤਾ ਹੈ। ਪੰਜਾਬ ਵਿੱਚ ਇਸ ਤੋਂ ਪਹਿਲਾਂ ਹੀ ਹਜ਼ਾਰਾਂ ਏਕੜ ਫ਼ਸਲ ਪਾਣੀ ਦੀ ਮਾਰ ਹੇਠ ਆ ਚੁੱਕੀ ਹੈ। ਇਸੇ ਦੌਰਾਨ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਕਿਸੇ ਵੀ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਪੂਰੀ ਤਰ੍ਹਾਂ ਕਾਰਜਸ਼ੀਲ ਹਨ। ਉਨ੍ਹਾਂ ਕਿਹਾ ਕਿ ਹਰ ਸੰਭਾਵੀ ਸਥਿਤੀ ਨਾਲ ਸਿੱਝਣ ਲਈ ਠੋਸ ਹੜ੍ਹ ਰੋਕਥਾਮ ਉਪਾਅ ਅਤੇ ਵਿਆਪਕ ਤਿਆਰੀਆਂ ਸਬੰਧੀ ਪ੍ਰੋਟੋਕੋਲ ਲਾਗੂ ਕੀਤੇ ਗਏ ਹਨ। ਸੂਬੇ ਭਰ ਵਿੱਚ ਕੰਟਰੋਲ ਰੂਮ ਸਰਗਰਮ ਹਨ ਅਤੇ ਐਮਰਜੈਂਸੀ ਰਿਸਪਾਂਸ ਟੀਮਾਂ ਅਲਰਟ ’ਤੇ ਹਨ। ਉਨ੍ਹਾਂ ਦੱਸਿਆ ਕਿ ਪ੍ਰਮੁੱਖ ਡੈਮਾਂ ਵਿੱਚ ਮੌਜੂਦਾ ਪਾਣੀ ਦਾ ਪੱਧਰ ਸੁਰੱਖਿਅਤ ਮਾਪਦੰਡਾਂ ਦੇ ਅੰਦਰ ਹੈ। ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1637.40 ਫੁੱਟ ਹੈ ਜਦਕਿ ਇਸ ਦੀ ਵੱਧ ਤੋਂ ਵੱਧ ਸਮਰੱਥਾ 1680 ਫੁੱਟ ਹੈ। ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1373.08 ਫੁੱਟ ਅਤੇ 1731.55 ਫੁੱਟ ਦੀ ਵੱਧ ਤੋਂ ਵੱਧ ਸਮਰੱਥਾ ਵਾਲੇ ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ 1694.64 ਫੁੱਟ ਹੈ। ਉਨ੍ਹਾਂ ਦਰਿਆ ਦੇ ਕੰਢਿਆਂ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਨੇੜੇ ਰਹਿੰਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਰੀ ਬਾਰਸ਼ ਦੌਰਾਨ ਚੌਕਸ ਰਹਿਣ ਅਤੇ ਐਮਰਜੈਂਸੀ ਸਹਾਇਤਾ ਲਈ ਤੁਰੰਤ ਕੰਟਰੋਲ ਰੂਮਾਂ ਨਾਲ ਸੰਪਰਕ ਕਰਨ।

Advertisement

Advertisement