ਕਸ਼ਮੀਰ ’ਚ ਹੜ੍ਹ ਦਾ ਖ਼ਤਰਾ ਟਲਿਆ; ਜੇਹਲਮ ’ਚ ਪਾਣੀ ਦਾ ਪੱਧਰ ਘਟਿਆ
ਕਸ਼ਮੀਰ ’ਚ ਹੜ੍ਹਾਂ ਦਾ ਖਤਰਾ ਅੱਜ ਘੱਟ ਹੋ ਗਿਆ ਗਿਆ ਹੈ ਕਿਉਂਕਿ ਮੌਸਮ ’ਚ ਸੁਧਾਰ ਹੋਣ ਦੇ ਨਾਲ ਹੀ ਜੇਹਲਮ ਦਰਿਆ ਤੇ ਹੋਰ ਜਲ ਸਰੋਤਾਂ ’ਚ ਪਾਣੀ ਦਾ ਪੱਧਰ ਘਟਣ ਲੱਗਾ ਹੈ। ਉੱਧਰ ਊਧਮਪੁਰ-ਰਾਮਬਨ ਖੇਤਰ ’ਚ ਕਈ ਥਾਵਾਂ ’ਤੇ ਢਿੱਗਾਂ ਡਿੱਗਣ ਕਾਰਨ ਜੰਮੂ-ਕਸ਼ਮੀਰ ਕੌਮੀ ਮਾਰਗ ਅੱਜ ਲਗਾਤਾਰ ਤੀਜੇ ਦਿਨ ਆਵਾਜਾਈ ਲਈ ਬੰਦ ਰਿਹਾ।
ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 12 ਘੰਟਿਆਂ ’ਚ ਕਸ਼ਮੀਰ ਘਾਟੀ ’ਚ ਬਹੁਤ ਘੱਟ ਮੀਂਹ ਪਿਆ ਹੈ। ਉਨ੍ਹਾਂ ਦੱਸਿਆ ਕਿ ਮੀਂਹ ਘਟਣ ਨਾਲ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਸੰਗਮ ’ਤੇ ਜੇਹਲਮ ਦਰਿਆ ਹੜ੍ਹ ਦੀ ਚਿਤਾਵਨੀ ਦੇ ਪੱਧਰ ਤੋਂ ਹੇਠਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਲਾਂਕਿ ਸ੍ਰੀਨਗਰ ’ਚ ਦਰਿਆ ਦਾ ਪੱਧਰ ਹਾਲੇ ਵੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੈ ਪਰ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ। ਜੇਹਲਮ ਦੀਆਂ ਸਹਾਇਕ ਨਦੀਆਂ ਵੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਵਗ ਰਹੀਆਂ ਹਨ। ਅਧਿਕਾਰੀਆਂ ਅਨੁਸਾਰ ਹੇਠਲੇ ਇਲਾਕਿਆਂ ’ਚ ਭਰਿਆ ਪਾਣੀ ਵੀ ਘਟਣ ਲੱਗਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਊਧਮਪੁਰ-ਰਾਮਬਨ ਖੇਤਰ ’ਚ ਭਾਰੀ ਮੀਂਹ ਮਗਰੋਂ ਕਈ ਥਾਈਂ ਢਿੱਗਾਂ ਡਿੱਗਣ ਕਾਰਨ ਜੰਮੂ-ਕਸ਼ਮੀਰ ਕੌਮੀ ਮਾਰਗ ਅੱਜ ਲਗਾਤਾਰ ਤੀਜੇ ਦਿਨ ਵੀ ਆਵਾਜਾਈ ਲਈ ਬੰਦ ਰਿਹਾ। ਉਨ੍ਹਾਂ ਕਿਹਾ ਕਿ ਕੌਮੀ ਮਾਰਗ ਬੰਦ ਹੋਣ ਕਾਰਨ ਵੱਖ ਵੱਖ ਥਾਵਾਂ ’ਤੇ ਪੰਜ-ਛੇ ਸੌ ਵਾਹਨ ਫਸੇ ਹੋਏ ਹਨ। ਅਧਿਕਾਰੀ ਨੇ ਦੱਸਿਆ ਕਿ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੇ 270 ਕਿਲੋਮੀਟਰ ਲੰਮਾ ਇਹ ਇੱਕੋ-ਇੱਕ ਮਾਰਗ ਊਧਮਪੁਰ ’ਚ ਜਖੇਨੀ ਤੇ ਚੇਨਾਨੀ ਵਿਚਾਲੇ ਕਈ ਥਾਵਾਂ ’ਤੇ ਢਿੱਗਾਂ ਡਿੱਗਣ ਕਾਰਨ ਬੰਦ ਹੋ ਗਿਆ ਹੈ। ਇਸੇ ਦੌਰਾਨ ਉੱਤਰ ਰੇਲਵੇ ਨੇ ਮੀਂਹ ਕਾਰਨ ਫਸੇ ਲੋਕਾਂ ਨੂੰ ਕੱਢਣ ਲਈ ਅੱਜ ਜੰਮੂ ਸਟੇਸ਼ਨ ਤੋਂ ਨਵੀਂ ਦਿੱਲੀ ਤੱਕ ਇੱਕ ਵਿਸ਼ੇਸ਼ ਰੇਲ ਗੱਡੀ ਚਲਾਈ ਹੈ।
ਇਸੇ ਦੌਰਾਨ ਜੰਮੂ ਕਸ਼ਮੀਰ ਵਿਧਾਨ ਸਭਾ ਨੇ ਖਰਾਬ ਮੌਸਮ ਦੇ ਮੱਦੇਨਜ਼ਰ ਆਪਣੀਆਂ ਸਾਰੀਆਂ ਕਮੇਟੀ ਮੀਟਿੰਗਾਂ 5 ਸਤੰਬਰ ਤੱਕ ਮੁਅੱਤਲ ਕਰ ਦਿੱਤੀਆਂ ਹਨ। ਉੱਧਰ ਉਪ ਮੁੱਖ ਮੰਤਰੀ ਸੁਰਿੰਦਰ ਚੌਧਰੀ ਨੇ ਅੱਜ ਹੜ੍ਹ ਕਾਰਨ ਨੁਕਸਾਨੇ ਗਏ ਤਵੀ ਪੁਲ ਦਾ ਦੌਰਾ ਕੀਤਾ ਤੇ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। -ਪੀਟੀਆਈ
ਹਿਮਾਚਲ: ਚੰਡੀਗੜ੍ਹ-ਮਨਾਲੀ ਮਾਰਗ ਆਵਾਜਾਈ ਲਈ ਬੰਦਸ਼ਿਮਲਾ: ਚੰਡੀਗੜ੍ਹ-ਮਨਾਲੀ ਰਾਜ ਮਾਰਗ, ਪੰਡੋਹ ਨੇੜੇ ਕਾਂਚੀ ਮੋੜ ’ਤੇ ਸੜਕ ਦਾ ਇੱਕ ਹਿੱਸਾ ਧਸਣ ਮਗਰੋਂ ਆਵਾਜਾਈ ਲਈ ਬੰਦ ਹੋ ਗਿਆ ਜਿਸ ਕਾਰਨ ਸੜਕ ਦੇ ਦੋਵੇਂ ਪਾਸੇ ਵੱਡੀ ਗਿਣਤੀ ’ਚ ਵਾਹਨ ਫਸ ਗਏ ਹਨ। ਅਧਿਕਾਰੀਆਂ ਨੇ ਦੱਸਿਆ ਬਿਆਸ ਨਦੀ ਦਾ ਪਾਣੀ ਇਲਾਕੇ ਅੰਦਰ ਦਾਖਲ ਹੋਣ ਮਗਰੋਂ ਮਨਾਲੀ ਦੀ ਤਿੱਬਤੀ ਕਲੋਨੀ ’ਚ ਫਸੇ 130 ਵਿਅਕਤੀਆਂ ਨੂੰ ਬਚਾਇਆ ਗਿਆ ਹੈ। ਸੂਬੇ ਭਰ ’ਚ 536 ਸੜਕਾਂ ਆਵਾਜਾਈ ਲਈ ਬੰਦ ਹਨ। ਇਸੇ ਦੌਰਾਨ ਰਾਵੀ ਦਰਿਆ ’ਚ ਅਚਾਨਕ ਆਏ ਹੜ੍ਹ ਕਾਰਨ ਕਾਂਗੜਾ ਜ਼ਿਲ੍ਹੇ ਦੇ ਬਾੜਾ ਭੰਗਾਲ ਪਿੰਡ ’ਚ ਕਈ ਸਰਕਾਰੀ ਇਮਾਰਤਾਂ ਢਹਿ ਗਈਆਂ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਬੈਜਨਾਥ ਦੇ ਐੱਸ ਡੀ ਐੱਮ ਸੰਕਲਪ ਗੌਤਮ ਨੇ ਦੱਸਿਆ ਕਿ ਇਲਾਕੇ ’ਚ ਦੋ ਪੁਲ ਰੁੜ੍ਹਨ ਕਾਰਨ ਪਿੰਡ ਦਾ ਬਾਕੀ ਸੂਬੇ ਨਾਲੋਂ ਸੰਪਰਕ ਟੁੱਟ ਗਿਆ ਹੈ। -ਪੀਟੀਆਈ