ਹੜ੍ਹ ਕਾਰਨ ਕੌਮਾਂਤਰੀ ਸਰਹੱਦ ’ਤੇ ਕੰਡਿਆਲੀ ਤਾਰ ਨੁਕਸਾਨੀ
ਪੰਜਾਬ ਤੇ ਜੰਮੂ ਦੇ ਮੂਹਰਲੇ ਇਲਾਕਿਆਂ ’ਚ ਹੜ੍ਹ ਕਾਰਨ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ 110 ਕਿਲੋਮੀਟਰ ਤੋਂ ਵੱਧ ਕੰਡਿਆਲੀ ਤਾਰ ਨੁਕਸਾਨੀ ਗਈ ਹੈ ਅਤੇ ਬੀ ਐੱਸ ਐੱਫ ਦੀਆਂ ਤਕਰੀਬਨ 90 ਚੌਕੀਆਂ ਪਾਣੀ ’ਚ ਡੁੱਬ ਗਈਆਂ ਹਨ। ਬੀ ਐੱਸ ਐੱਫ ਜੰਮੂ ’ਚ ਤਕਰੀਬਨ 192 ਕਿਲੋਮੀਟਰ ਤੇ ਪੰਜਾਬ ’ਚ ਤਕਰੀਬਨ 553 ਕਿਲੋਮੀਟਰ ਲੰਮੀ ਕੌਮਾਂਤਰੀ ਸਰਹੱਦ ਦੀ ਰਾਖੀ ਕਰਦੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ’ਚ ਕੌਮਾਂਤਰੀ ਸਰਹੱਦ ’ਤੇ ਲੱਗੀ ਤਕਰੀਬਨ 80 ਕਿਲੋਮੀਟਰ ਅਤੇ ਜੰਮੂ ’ਚ ਤਕਰੀਬਨ 30 ਕਿਲੋਮੀਟਰ ਲੰਮੀ ਕੰਡਿਆਲੀ ਤਾਰ ਹੜ੍ਹ ਕਾਰਨ ਜਾਂ ਤਾਂ ਡੁੱਬ ਗਈ ਹੈ, ਉੱਖੜ ਗਈ ਜਾਂ ਝੁਕ ਗਈ ਹੈ। ਹੜ੍ਹ ਕਾਰਨ ਜੰਮੂ ’ਚ ਬੀ ਐੱਸ ਐੱਫ ਦੀਆਂ ਤਕਰੀਬਨ 20 ਤੇ ਪੰਜਾਬ 65-67 ਚੌਕੀਆਂ ਪਾਣੀ ’ਚ ਡੁੱਬ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ’ਚ ਰਤਲੇ ਬਿਜਲੀ ਪ੍ਰਾਜੈਕਟ ਦਾ ਆਰਜ਼ੀ ਸ਼ੈੱਡ ਢਿੱਗਾਂ ਡਿੱਗਣ ਦੀ ਲਪੇਟ ’ਚ ਆ ਗਿਆ ਜਿਸ ਮਗਰੋਂ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਪੰਜ ਲੋਕਾਂ ਨੂੰ ਉੱਥੋਂ ਸੁਰੱਖਿਅਤ ਬਾਹਰ ਕੱਢ ਲਿਆ। ਇਨ੍ਹਾਂ ’ਚੋਂ ਤਿੰਨ ਵਿਅਕਤੀਆਂ ਨੂੰ ਡੋਡਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਢਿੱਗਾਂ ਡਿੱਗਣ ਕਾਰਨ ਜੰਮੂ-ਸ੍ਰੀਨਗਰ ਕੌਮੀ ਮਾਰਗ ਸਮੇਤ ਕਈ ਮੁੱਖ ਸੜਕਾਂ ਆਵਾਜਾਈ ਲਈ ਬੰਦ ਕਰ ਦਿੱਤੀਆਂ ਗਈਆਂ ਹਨ ਜਿਸ ਕਾਰਨ ਕਸ਼ਮੀਰ ਘਾਟੀ ਦਾ ਬਾਕੀ ਦੇਸ਼ ਨਾਲੋਂ ਸੰਪਰਕ ਟੁੱਟ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਠੂਆ ਤੋਂ ਕਸ਼ਮੀਰ ਤੱਕ ਵੱਖ ਵੱਖ ਥਾਵਾਂ ’ਤੇ 3500 ਤੋਂ ਵੱਧ ਵਾਹਨ ਫਸ ਗਏ ਹਨ। ਕਸ਼ਮੀਰ ’ਚ ਜੇਹਲਮ ਦਰਿਆ ’ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੋਣ ਕਾਰਨ ਪ੍ਰਸ਼ਾਸਨ ਨੇ ਸ੍ਰੀਨਗਰ ’ਚ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਹੈ। ਇਸੇ ਦਰਮਿਆਨ ਪੁਲੀਸ ਨੇ ਸ੍ਰੀਨਗਰ ਜ਼ਿਲ੍ਹੇ ’ਚ ਤਕਰੀਬਨ 200 ਪਰਿਵਾਰਾਂ ਨੂੰ ਸੁਰੱਖਿਅਤ ਕੱਢਿਆ ਹੈ। ਪੀ ਡੀ ਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਅੱਜ ਜੰਮੂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਹੜ੍ਹ ਪੀੜਤਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। -ਪੀਟੀਆਈ