ਪੰਜ ਸਾਲ ਦੇ ਵਕਫ਼ੇ ਮਗਰੋਂ ਭਾਰਤ ਤੇ ਚੀਨ ਵਿਚਾਲੇ ਹਵਾਈ ਉਡਾਣਾਂ ਹੋਣਗੀਆਂ ਬਹਾਲ
ਵਿਦੇਸ਼ ਮੰਤਰਾਲੇ (MEA) ਵੱਲੋਂ ਇਹ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਚੀਨ ਦੇ ਤਿਆਨਜਿਨ ਸ਼ਹਿਰ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਦੇ ਸਿਖਰ ਸੰਮੇਲਨ ਦੇ ਹਾਸ਼ੀਏ ’ਤੇ ਗੱਲਬਾਤ ਕਰਨ ਤੋਂ ਇੱਕ ਮਹੀਨਾ ਬਾਅਦ ਆਇਆ ਹੈ।
2020 ਵਿੱਚ ਕੋਵਿਡ-19 ਮਹਾਮਾਰੀ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਉਡਾਣ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ। ਪੂਰਬੀ ਲੱਦਾਖ ਵਿੱਚ ਚਾਰ ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਸਰਹੱਦੀ ਤਣਾਅ ਦੇ ਮੱਦੇਨਜ਼ਰ ਉਡਾਣਾਂ ਨੂੰ ਬਹਾਲ ਨਹੀਂ ਕੀਤਾ ਗਿਆ ਸੀ, ਜੋ ਪਿਛਲੇ ਸਾਲ ਅਕਤੂਬਰ ਵਿੱਚ ਸੁਲਝ ਗਿਆ ਸੀ।
MEA ਨੇ ਕਿਹਾ, ‘‘ਇਸ ਸਾਲ ਦੇ ਸ਼ੁਰੂ ਤੋਂ ਭਾਰਤ ਅਤੇ ਚੀਨ ਵਿਚਕਾਰ ਸਬੰਧਾਂ ਨੂੰ ਹੌਲੀ-ਹੌਲੀ ਆਮ ਸਥਿਤੀ ’ਚ ਲਿਆਉਣ ਦੇ ਸਰਕਾਰ ਦੇ ਇਰਾਦੇ ਤਹਿਤ ਦੋਵਾਂ ਦੇਸ਼ਾਂ ਦੇ ਸਿਵਲ ਹਵਾਬਾਜ਼ੀ ਅਧਿਕਾਰੀ ਦੋਵਾਂ ਦੇਸ਼ਾਂ ਦਰਮਿਆਨ ਸਿੱਧੀਆਂ ਹਵਾਈ ਸੇਵਾਵਾਂ ਨੂੰ ਮੁੜ ਸ਼ੁਰੂ ਕਰਨ ਅਤੇ ਇੱਕ ਸੋਧੇ ਹੋਏ ਹਵਾਈ ਸੇਵਾਵਾਂ ਸਮਝੌਤੇ ’ਤੇ ਤਕਨੀਕੀ-ਪੱਧਰੀ ਵਿਚਾਰ-ਵਟਾਂਦਰੇ ਵਿੱਚ ਰੁੱਝੇ ਹੋਏ ਹਨ।’’
ਮੰਤਰਾਲੇ ਨੇ ਕਿਹਾ ਕਿ ਸਰਦੀਆਂ ਦੇ ਮੌਸਮ ਦੇ ਸ਼ਡਿਊਲ ਦੇ ਅਨੁਸਾਰ ਅਤੇ ਦੋਵਾਂ ਦੇਸ਼ਾਂ ਦੇ ਨਿਰਧਾਰਤ ਕੈਰੀਅਰਾਂ ਦੇ ਵਪਾਰਕ ਫੈਸਲੇ ਅਤੇ ਸਾਰੇ ਸੰਚਾਲਨ ਮਾਪਦੰਡਾਂ ਨੂੰ ਪੂਰਾ ਕਰਨ ਮਗਰੋਂ ਹੁਣ ਇਹ ਸਹਿਮਤੀ ਬਣ ਗਈ ਹੈ ਕਿ ਭਾਰਤ ਅਤੇ ਚੀਨ ਵਿੱਚ ਨਿਰਧਾਰਤ ਬਿੰਦੂਆਂ ਨੂੰ ਜੋੜਨ ਵਾਲੀਆਂ ਸਿੱਧੀਆਂ ਹਵਾਈ ਸੇਵਾਵਾਂ ਅਕਤੂਬਰ ਦੇ ਅਖੀਰ ਤੱਕ ਮੁੜ ਸ਼ੁਰੂ ਹੋ ਸਕਦੀਆਂ ਹਨ।
ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, ‘‘ਸਿਵਲ ਹਵਾਬਾਜ਼ੀ ਅਧਿਕਾਰੀਆਂ ਦਾ ਇਹ ਸਮਝੌਤਾ ਭਾਰਤ ਅਤੇ ਚੀਨ ਵਿਚਕਾਰ ਲੋਕਾਂ-ਤੋਂ-ਲੋਕਾਂ ਦੇ ਸੰਪਰਕ ਨੂੰ ਹੋਰ ਸਹੂਲਤਮਈ ਬਣਾਵੇਗਾ, ਦੁਵੱਲੇ ਆਦਾਨ-ਪ੍ਰਦਾਨ ਨੂੰ ਹੌਲੀ-ਹੌਲੀ ਆਮ ਬਣਾਉਣ ਵਿੱਚ ਯੋਗਦਾਨ ਪਾਵੇਗਾ।’’
ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸਿਵਲ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਭਾਰਤ ਅਤੇ ਚੀਨ ਅਕਤੂਬਰ ਦੇ ਅੰਤ ਤੱਕ ਸਿੱਧੀਆਂ ਹਵਾਈ ਸੇਵਾਵਾਂ ਮੁੜ ਸ਼ੁਰੂ ਕਰ ਦੇਣਗੇ।
ਇਸ ਵਿੱਚ ਕਿਹਾ ਗਿਆ, ‘‘ਇਹ ਦੁਵੱਲੇ ਸਬੰਧਾਂ ਨੂੰ ਆਮ ਬਣਾਉਣ ਦੇ ਵਿਆਪਕ ਯਤਨਾਂ ਦੇ ਹਿੱਸੇ ਵਜੋਂ ਸਿਵਲ ਹਵਾਬਾਜ਼ੀ ਅਧਿਕਾਰੀਆਂ ਵਿਚਕਾਰ ਨਿਰੰਤਰ ਤਕਨੀਕੀ-ਪੱਧਰੀ ਸ਼ਮੂਲੀਅਤ ਦੀ ਪਾਲਣਾ ਕਰਦਾ ਹੈ। ਇਹ ਕਦਮ ਹਵਾਈ ਸੰਪਰਕ ਨੂੰ ਵਧਾਵੇਗਾ ਅਤੇ ਦੋਵਾਂ ਦੇਸ਼ਾਂ ਵਿਚਕਾਰ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਵੇਗਾ।’’
31 ਅਗਸਤ ਨੂੰ ਸ਼ੀ ਨਾਲ ਮੁਲਾਕਾਤ ਦੌਰਾਨ ਆਪਣੀ ਟਿੱਪਣੀ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਦੋਵਾਂ ਦੇਸ਼ਾਂ ਵਿਚਕਾਰ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
1962 ਦੀ ਜੰਗ ਤੋਂ ਬਾਅਦ ਜੂਨ, 2020 ਵਿੱਚ ਗਲਵਾਨ ਘਾਟੀ ਵਿੱਚ ਹੋਈਆਂ ਝੜਪਾਂ ਕਾਰਨ ਭਾਰਤ-ਚੀਨ ਸਬੰਧ ਵਿਗੜ ਗਏ ਸਨ।
ਕੂਟਨੀਤਕ ਅਤੇ ਫੌਜੀ ਗੱਲਬਾਤ ਦੀ ਇੱਕ ਲੜੀ ਤੋਂ ਬਾਅਦ ਦੋਵਾਂ ਧਿਰਾਂ ਨੇ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (LAC) ਦੇ ਨਾਲ ਕਈ ਤਣਾਅ ਵਾਲੇ ਸਥਾਨਾਂ ਤੋਂ ਆਪਣੀਆਂ ਫ਼ੌਜਾਂ ਨੂੰ ਵਾਪਸ ਸੱਦ ਲਿਆ।
ਪਿਛਲੇ ਅਕਤੂਬਰ ਵਿੱਚ ਦੋਵਾਂ ਧਿਰਾਂ ਨੇ Depsang ਅਤੇ Demchok ਲਈ ਇੱਕ disengagement ਸਮਝੌਤਾ ਸਹੀਬੱਧ ਕੀਤਾ, ਜੋ ਕਿ ਪੂਰਬੀ ਲੱਦਾਖ ਵਿੱਚ ਆਖਰੀ ਦੋ ਟਕਰਾਅ ਵਾਲੇ ਸਥਾਨ ਸਨ।
ਸਮਝੌਤੇ ਨੂੰ ਅੰਤਿਮ ਰੂਪ ਦੇਣ ਤੋਂ ਕੁਝ ਦਿਨ ਬਾਅਦ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਸ਼ੀ ਨੇ ਬ੍ਰਿਕਸ ਸੰਮੇਲਨ ਮੌਕੇ ਰੂਸ ਦੇ ਕਾਜ਼ਾਨ ਸ਼ਹਿਰ ਵਿੱਚ ਗੱਲਬਾਤ ਕੀਤੀ ਅਤੇ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਕਈ ਫ਼ੈਸਲੇ ਲਏ।
ਪਿਛਲੇ ਕੁਝ ਮਹੀਨਿਆਂ ਦੌਰਾਨ ਦੋਵਾਂ ਦੇਸ਼ਾਂ ਨੇ ਆਪਸੀ ਸਬੰਧਾਂ ਨੂੰ ਸੁਧਾਰਨ ਲਈ ਕਈ ਕਦਮ ਚੁੱਕੇ ਹਨ, ਜਿਸ ਵਿੱਚ ਕੈਲਾਸ਼ ਮਾਨਸਰੋਵਰ ਯਾਤਰਾ ਮੁੜ ਬਹਾਲ ਕਰਨਾ ਵੀ ਸ਼ਾਮਲ ਹੈ।