Operation Sindoor: ਅਪਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ਨੇ 12 ਲੜਾਕੂ ਜਹਾਜ਼ ਗੁਆਏ: ਹਵਾਈ ਸੈਨਾ ਮੁਖੀ
ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਏ ਪੀ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਪਰੇਸ਼ਨ ਸਿੰਧੂਰ (Operation Sindoor) ਦੌਰਾਨ ਭਾਰਤੀ ਹਮਲਿਆਂ ਵਿੱਚ ਘੱਟੋ-ਘੱਟ ਇੱਕ ਦਰਜਨ ਪਾਕਿਸਤਾਨੀ ਫੌਜੀ ਜਹਾਜ਼, ਜਿਨ੍ਹਾਂ ਵਿੱਚ F-16 ਜੈੱਟ ਵੀ ਸ਼ਾਮਲ ਹਨ, ਤਬਾਹ ਹੋ ਗਏ ਜਾਂ ਨੁਕਸਾਨੇ ਗਏ ਹਨ। ਉਨ੍ਹਾਂ ਇਸਲਾਮਾਬਾਦ ਦੇ ਭਾਰਤ ਦੇ ਨੁਕਸਾਨ ਦੇ ਦਾਅਵਿਆਂ ਨੂੰ ‘ਖਿਆਲੀ ਕਹਾਣੀਆਂ’ ਦੱਸਿਆ।
ਏਅਰ ਚੀਫ਼ ਮਾਰਸ਼ਲ ਨੇ ਕਿਹਾ ਕਿ ਭਾਰਤੀ ਕਾਰਵਾਈ ਨਾਲ ਪਾਕਿਸਤਾਨ ਵਿੱਚ ਕਈ ਫੌਜੀ ਢਾਂਚਿਆਂ ਨੂੰ ਵੀ ਨੁਕਸਾਨ ਪਹੁੰਚਿਆ ਸੀ, ਜਿਸ ਵਿੱਚ ਤਿੰਨ ਥਾਵਾਂ ’ਤੇ ਹੈਂਗਰ, ਘੱਟੋ-ਘੱਟ ਚਾਰ ਥਾਵਾਂ ’ਤੇ ਰਾਡਾਰ, ਦੋ ਸਾਈਟਾਂ ’ਤੇ ਕਮਾਂਡ ਤੇ ਕੰਟਰੋਲ ਕੇਂਦਰ ਅਤੇ ਦੋ ਥਾਵਾਂ ’ਤੇ ਰਨਵੇਅ ਸ਼ਾਮਲ ਹਨ। ਏਅਰ ਚੀਫ਼ ਮਾਰਸ਼ਲ ਸਾਲਾਨਾ ਏਅਰ ਫੋਰਸ ਡੇਅ ਤੋਂ ਕੁਝ ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਅਪਰੇਸ਼ਨ ਸਿੰਧੂਰ ਤੋਂ ਬਾਅਦ ਵੱਖ ਵੱਖ ਅਤਿਵਾਦੀ ਸਮੂਹਾਂ ਦੇ ਆਪਣੇ ਅੱਡੇ ਖੈਬਰ ਪਖਤੂਨਖਵਾ ਸੂਬੇ ਵਿੱਚ ਤਬਦੀਲ ਕਰਨ ਦੀਆਂ ਖ਼ਬਰਾਂ ਬਾਰੇ ਉਨ੍ਹਾਂ ਕਿਹਾ ਕਿ ਅਜਿਹੀ ਉਮੀਦ ਕੀਤੀ ਜਾ ਰਹੀ ਸੀ ਅਤੇ ਭਾਰਤੀ ਹਵਾਈ ਸੈਨਾ ਕੋਲ ਬਿਲਕੁਲ ਸਟੀਕਤਾ ਨਾਲ ਉਨ੍ਹਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਸਮਰੱਥਾ ਹੈ। ਉਨ੍ਹਾਂ ਕਿਹਾ, ‘ਅਸੀਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਟਿਕਾਣਿਆਂ ਨੂੰ ਤਬਾਹ ਕਰ ਸਕਦੇ ਹਾਂ।’ ਉਨ੍ਹਾਂ ਇਹ ਵੀ ਸਪੱਸ਼ਟ ਸੰਕੇਤ ਦਿੱਤਾ ਕਿ ਭਾਰਤ ਅਪਰੇਸ਼ਨ ਸਿੰਧੂਰ ਦੌਰਾਨ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਐੱਸ-400 ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀਆਂ ਦੇ ਹੋਰ ਬੈਚ ਖਰੀਦ ਸਕਦਾ ਹੈ। ਉਨ੍ਹਾਂ ਖੁਫੀਆ ਰਿਪੋਰਟਾਂ ਅਤੇ ਇਲੈਕਟ੍ਰਾਨਿਕ ਨਿਗਰਾਨੀ ਰਾਹੀਂ ਇਕੱਠੇ ਕੀਤੇ ਸਬੂਤਾਂ ਦਾ ਹਵਾਲਾ ਦਿੰਦੇ ਹੋਏ ਅਪਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ਦੇ ਹੋਏ ਨੁਕਸਾਨ ਦੇ ਵੇਰਵੇ ਵੀ ਮੁਹੱਈਆ ਕੀਤੇ।
