ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਹਾਰਾਸ਼ਟਰ ’ਚ ਮੀਂਹ ਕਾਰਨ ਵੱਖ-ਵੱਖ ਥਾਈਂ ਪੰਜ ਮੌਤਾਂ

ਰੇਲ ਸੇਵਾਵਾਂ ਪ੍ਰਭਾਵਿਤ; ਨੀਵੇਂ ਇਲਾਕਿਆਂ ਵਿੱਚ ਪਾਣੀ ਭਰਿਆ; ਮੁੰਬਈ ਵਿੱਚ ਭਾਰੀ ਮੀਂਹ ਲਈ ਰੈੱਡ ਅਲਰਟ ਜਾਰੀ
ਮੁੰਬਈ ਦੇ ਨਾਲਾ ਸੋਪਾਰਾ ਵਿੱਚ ਵਰ੍ਹਦੇ ਮੀਂਹ ’ਚੋਂ ਲੰਘਦੇ ਹੋਏ ਰਾਹਗੀਰ। -ਫੋਟੋ: ਪੀਟੀਆਈ
Advertisement

ਮਹਾਰਾਸ਼ਟਰ ਵਿੱਚ ਅੱਜ ਤੜਕੇ ਪਏ ਭਾਰੀ ਮੀਂਹ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਇਸ ਦੌਰਾਨ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਅਤੇ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ। ਜਾਣਕਾਰੀ ਅਨੁਸਾਰ ਮੁੰਬਈ ਦੇ ਪੂਰਬੀ ਉਪਨਗਰ ਵਿਖਰੋਲੀ ਦੇ ਪਾਰਕਸਾਈਟ ਖੇਤਰ ਵਿੱਚ ਢਿੱਗਾਂ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖਮੀ ਹੋ ਗਏ। ਇਸੇ ਤਰ੍ਹਾਂ ਮੱਧ ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ’ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ।

ਭਾਰਤ ਮੌਸਮ ਵਿਭਾਗ ਨੇ ਮੁੰਬਈ ਵਿੱਚ ਦੋ ਦਿਨ ਭਾਰੀ ਤੋਂ ਬਹੁਤ ਭਾਰੀ ਮੀਂਹ ਲਈ ‘ਰੈੱਡ ਅਲਰਟ’ ਜਾਰੀ ਕੀਤਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਬਿਨਾਂ ਜ਼ਰੂਰਤ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ। ਜਾਣਕਾਰੀ ਅਨੁਸਾਰ ਤੜਕੇ ਪਏ ਭਾਰੀ ਮੀਂਹ ਕਾਰਨ ਪੱਛਮੀ ਅਤੇ ਪੂਰਬੀ ਉਪਨਗਰਾਂ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ। ਮੱਧ ਅਤੇ ਪੱਛਮੀ ਰੇਲਵੇ ਰੂਟਾਂ ’ਤੇ ਕਈ ਥਾਈਂ ਪਟੜੀਆਂ ’ਤੇ ਪਾਣੀ ਭਰਨ ਕਾਰਨ ਮੁੰਬਈ ਦੀਆਂ ਰੇਲ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ। ਕੇਂਦਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਸਵਪਨਿਲ ਨੀਲਾ ਨੇ ਕਿਹਾ, ‘ਸਵੇਰੇ 8 ਵਜੇ ਦੇ ਕਰੀਬ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਰੇਲ ਆਵਾਜਾਈ ਹੌਲੀ-ਹੌਲੀ ਆਮ ਵਾਂਗ ਹੋ ਗਈ।’ ਪੱਛਮੀ ਰੇਲਵੇ ਦੇ ਬੁਲਾਰੇ ਨੇ ਕਿਹਾ ਕਿ ਉਪਨਗਰੀ ਸੇਵਾਵਾਂ ਲਗਪਗ 15 ਮਿੰਟ ਦੇਰੀ ਨਾਲ ਚੱਲ ਰਹੀਆਂ ਹਨ।

Advertisement

ਰੇਲਵੇ ਅਧਿਕਾਰੀਆਂ ਅਨੁਸਾਰ ਸ਼ਹਿਰ ਦੇ ਜ਼ਿਆਦਾਤਰ ਸਰਕਾਰੀ ਅਤੇ ਨਿੱਜੀ ਦਫਤਰਾਂ ਅਤੇ ਅਦਾਰਿਆਂ ਨੇ ‘ਦਹੀਂ ਹਾਂਡੀ’ ਦਾ ਤਿਉਹਾਰ ਮਨਾਉਣ ਲਈ ਛੁੱਟੀ ਦਾ ਐਲਾਨ ਕੀਤਾ ਹੈ, ਜਿਸ ਕਰਕੇ ਉਪਨਗਰੀ ਸੇਵਾਵਾਂ ਵਿੱਚ ਲੋਕਾਂ ਦੀ ਜ਼ਿਆਦਾ ਭੀੜ ਨਹੀਂ ਹੈ। ਮੌਸਮ ਵਿਭਾਗ ਅਨੁਸਾਰ ਮੁੰਬਈ ਦੇ ਕਈ ਹਿੱਸਿਆਂ ਵਿੱਚ ਸ਼ੁੱਕਰਵਾਰ ਸਵੇਰੇ 8.30 ਵਜੇ ਤੋਂ ਸ਼ਨਿਚਰਵਾਰ ਸਵੇਰੇ 5.30 ਵਜੇ ਦੇ ਵਿਚਕਾਰ 200 ਮਿਲੀਮੀਟਰ ਤੋਂ ਵੱਧ ਮੀਂਹ ਦਰਜ ਕੀਤਾ ਗਿਆ। ਪੂਰਬੀ ਉਪਨਗਰ ਵਿਖਰੋਲੀ ਵਿੱਚ ਸਭ ਤੋਂ ਵੱਧ 248.5 ਮਿਲੀਮੀਟਰ ਮੀਂਹ ਪਿਆ। ਇਸੇ ਤਰ੍ਹਾਂ ਸਾਂਤਾਕਰੂਜ਼ ਵਿੱਚ 232.5 ਮਿਲੀਮੀਟਰ, ਸਿਓਨ ਵਿੱਚ 221 ਮਿਲੀਮੀਟਰ ਅਤੇ ਜੁਹੂ ਵਿੱਚ 208 ਮਿਲੀਮੀਟਰ ਮੀਂਹ ਪਿਆ।

ਅਧਿਕਾਰੀਆਂ ਅਨੁਸਾਰ ਨਾਂਦੇੜ ਜ਼ਿਲ੍ਹੇ ਦੇ ਕਈ ਖੇਤਰਾਂ ਵਿੱਚ ਨਦੀਆਂ ਅਤੇ ਨਾਲੇ ਭਰ ਜਾਣ ਕਾਰਨ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਕੰਧਾਰ ਤਹਿਸੀਲ ਦੇ ਕੋਟ ਬਾਜ਼ਾਰ ਪਿੰਡ ਵਿੱਚ ਅੱਜ ਸਵੇਰੇ 4 ਵਜੇ ਘਰ ਦੀ ਕੰਧ ਡਿੱਗਣ ਕਾਰਨ ਸ਼ੇਖ਼ ਨਾਸਰ (72) ਅਤੇ ਉਸ ਦੀ ਪਤਨੀ ਸ਼ੇਖ਼ ਹਸੀਨਾ (68) ਦੀ ਮੌਤ ਹੋ ਗਈ। ਇੱਕ ਹੋਰ ਘਟਨਾ ਵਿੱਚ ਪੁਲ ਪਾਰ ਕਰਦਿਆਂ ਸਕੂਲ ਵੈਨ ਨਦੀ ਵਿੱਚ ਰੁੜ੍ਹਣ ਕਾਰਨ ਪ੍ਰੇਮ ਸਿੰਘ ਪਵਾਰ (42) ਦੀ ਮੌਤ ਹੋ ਗਈ। ਉਸ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੜ੍ਹ ਦੇ ਪਾਣੀ ਵਿੱਚ ਚਾਰ ਪਸ਼ੂ ਵੀ ਡੁੱਬ ਗਏ। ਹਿਮਾਇਤਨਗਰ ਤਹਿਸੀਲ ਦੇ ਸਿਰੰਜਨੀ ਅਤੇ ਸਿਲੋਦਾ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ, ਜਦਕਿ ਇਸੇ ਤਹਿਸੀਲ ਦੇ ਬੋਰਗਾਡੀ ਪਿੰਡ ਦੇ 20 ਘਰਾਂ ਵਿੱਚ ਪਾਣੀ ਭਰ ਗਿਆ ਹੈ।

Advertisement