ਕਸ਼ਮੀਰ ਦੇ ਉੱਚੇ ਇਲਾਕਿਆਂ ਵਿੱਚ ਮੌਸਮ ਦੀ ਪਹਿਲੀ ਬਰਫ਼ਬਾਰੀ
ਕਸ਼ਮੀਰ ਦੇ ਉੱਚੇ ਇਲਾਕਿਆਂ ਵਿੱਚ ਅੱਜ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਉੱਤਰੀ ਕਸ਼ਮੀਰ ਦੇ ਬਾਰਾਮੂਲਾ ਸਥਿਤ ਮਸ਼ਹੂਰ ਸਕੀ ਰਿਜ਼ੋਰਟ ਗੁਲਮਰਗ ਦੇ ਅਫ਼ਰਵਤ ਅਤੇ ਦੱਖਣ ਵਿੱਚ ਅਨੰਤਨਾਗ ਜ਼ਿਲ੍ਹੇ ਦੇ ਸਿੰਥਨ ਟੌਪ ਵਿੱਚ ਬਰਫ਼ਬਾਰੀ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀਨਗਰ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ਸਣੇ ਮੈਦਾਨੀ ਇਲਾਕਿਆਂ ਵਿੱਚ ਕੁਝ ਥਾਵਾਂ ’ਤੇ ਹਲਕਾ ਮੀਂਹ ਪਿਆ। ਮੌਸਮ ਵਿਭਾਗ ਨੇ ਕਿਹਾ ਕਿ ਪੱਛਮੀ ਗੜਬੜੀ ਐਤਵਾਰ ਤੋਂ ਜੰਮੂ ਕਸ਼ਮੀਰ ਅਤੇ ਆਸ-ਪਾਸ ਦੇ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਮੌਸਮ ਵਿਭਾਗ ਨੇ ਐਡਵਾਈਜ਼ਰੀ ਵਿੱਚ ਕਿਹਾ, ‘‘ਇਸ ਪ੍ਰਣਾਲੀ ਦੇ ਪ੍ਰਭਾਵ ਨਾਲ 5 ਤੋਂ 7 ਅਕਤੂਬਰ ਤੱਕ ਜੰਮੂ ਕਸ਼ਮੀਰ ’ਚ ਵਿਆਪਕ ਤੌਰ ’ਤੇ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਜਾਂ ਬਰਫ਼ਬਾਰੀ (ਉੱਚੇ ਇਲਾਕਿਆਂ ’ਚ) ਹੋਣ ਦੀ ਸੰਭਾਵਨਾ ਹੈ। ਇਹ ਗਤੀਵਿਧੀ 5 ਦੀ ਰਾਤ ਤੋਂ 7 ਅਕਤੂਬਰ ਸਵੇਰ ਦੌਰਾਨ ਹੋਵੇਗੀ।’’ ਇਸ ਵਿੱਚ ਕਿਹਾ ਗਿਆ ਹੈ ਕਿ ਇਸ ਪ੍ਰਣਾਲੀ ਕਾਰਨ ਅਨੰਤਨਾਗ-ਪਹਿਲਗਾਮ, ਕੁਲਗਾਮ, ਸਿੰਥਨ ਪਾਸ, ਸ਼ੋਪੀਆਂ, ਪੀਰ ਕੀ ਗਲੀ, ਸੋਨਮਰਗ-ਜ਼ੋਜਿਲਾ, ਬਾਂਦੀਪੋਰਾ-ਰਾਜ਼ਦਾਨ ਪਾਸ, ਗੁਲਮਰਗ ਅਤੇ ਕੁਪਵਾੜਾ-ਸਾਧਨਾ ਪਾਸ ਦੀਆਂ ਉੱਚੀਆਂ ਚੋਟੀਆਂ ’ਤੇ ਦਰਮਿਆਨੇ ਤੋਂ ਭਾਰੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਐਡਵਾਈਜ਼ਰੀ ਮੁਤਾਬਕ, ਕਸ਼ਮੀਰ ਦੇ ਦਰਮਿਆਨੇ ਇਲਾਕਿਆਂ ਵਿੱਚ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ਵਿੱਚ ਦਰਮਿਆਨਾ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਵੀ ਹੈ।