ਲੱਦਾਖ ’ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ
ਅਧਿਕਾਰੀਆਂ ਨੇ ਕਿਹਾ ਕਿ ਲੇਹ ਅਤੇ ਕਾਰਗਿਲ ਜ਼ਿਲ੍ਹਾ ਹੈੱਡਕੁਆਰਟਰ ਤੇ ਨਾਲ ਹੋਰਨਾਂ ਇਲਾਕਿਆਂ ਵਿਚ ਮੀਂਹ ਪਿਆ। ਹਾਲਾਂਕਿ ਇਸ ਦੌਰਾਨ ਕਿਸੇ ਵੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਮੌਸਮ ਵਿਗਿਆਨੀਆਂ ਨੇ ਲੱਦਾਖ ਲਈ ਰੈੱਡ ਅਲਰਟ ਦੀ ਚੇਤਾਵਨੀ ਜਾਰੀ ਕੀਤੀ ਹੈ, ਜਿਸ ਵਿੱਚ ਕਈ ਥਾਵਾਂ ’ਤੇ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਮੰਗਲਵਾਰ ਨੂੰ ਹਲਕੇ ਤੋਂ ਦਰਮਿਆਨੇ ਮੀਂਹ ਦੇ ਨਾਲ-ਨਾਲ ਦੂਰ-ਦੁਰਾਡੀਆਂ ਥਾਵਾਂ ’ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ 27 ਤੋਂ 30 ਅਗਸਤ ਤੱਕ ਮੌਸਮ ਖੁਸ਼ਕ ਰਹੇਗਾ।
ਅਧਿਕਾਰੀਆਂ ਨੇ ਪੁਰਾਣੇ ਮਿੱਟੀ ਦੇ ਢਾਂਚੇ ਵਾਲੇ ਘਰਾਂ ਨੂੰ ਸੰਭਾਵੀ ਨੁਕਸਾਨ, ਪਾਣੀ ਦੇ ਰਿਸਾਅ, ਰਸਤਿਆਂ ’ਤੇ ਆਵਾਜਾਈ ਵਿੱਚ ਵਿਘਨ, ਉੱਚੀਆਂ ਥਾਵਾਂ ’ਤੇ ਬਰਫ਼ਬਾਰੀ ਅਤੇ ਸਥਾਨਕ ਜ਼ਮੀਨ ਖਿਸਕਣ ਜਾਂ ਮਿੱਟੀ ਖਿਸਕਣ ਤੋਂ ਚੌਕਸ ਕੀਤਾ ਹੈ। ਲੋਕਾਂ ਨੂੰ ਸੁਚੇਤ ਰਹਿਣ ਅਤੇ ਅਧਿਕਾਰਤ ਐਡਵਾਈਜ਼ਰੀ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ।
ਇਸ ਦੌਰਾਨ ਅਧਿਕਾਰੀਆਂ ਨੇ ਐਲਾਨ ਕੀਤਾ ਕਿ ਖਰਾਬ ਮੌਸਮ ਕਾਰਨ ਲੇਹ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਨਤੀਜੇ ਵਜੋਂ ਤਿੱਬਤੀ ਅਧਿਆਤਮਕ ਆਗੂ ਦਲਾਈ ਲਾਮਾ ਲੇਹ ਵਿੱਚ ਥੋੜ੍ਹਾ ਹੋਰ ਸਮਾਂ ਰੁਕਣਗੇ। ਉਨ੍ਹਾਂ ਡੇਢ ਮਹੀਨੇ ਦੇ ਲੱਦਾਖ ਦੌਰੇ ਦੇ ਅੰਤ ਵਿੱਚ ਧਰਮਸ਼ਾਲਾ ਵਿੱਚ ਆਪਣੇ ਨਿਵਾਸ ਸਥਾਨ ਵਾਪਸ ਆਉਣਾ ਸੀ। ਦਲਾਈ ਲਾਮਾ 12 ਜੁਲਾਈ ਨੂੰ ਲੇਹ ਪਹੁੰਚੇ ਸਨ, ਪਰ ਅਧਿਕਾਰੀਆਂ ਅਨੁਸਾਰ, ਮੌਸਮ ਦੀ ਖਰਾਬੀ ਕਾਰਨ ਉਨ੍ਹਾਂ ਦੀ ਉਡਾਣ ਰਵਾਨਾ ਨਹੀਂ ਹੋ ਸਕੀ।