ਬਾਸਕਟਬਾਲ ਕੋਰਟ ਹਾਦਸੇ ਸਬੰਧੀ ਐੱਫ ਆਈ ਆਰ ਦਰਜ
ਹਰਿਆਣਾ ਪੁਲੀਸ ਨੇ ਪਿਛਲੇ ਮਹੀਨੇ ਰੋਹਤਕ ਜ਼ਿਲ੍ਹੇ ’ਚ ਅਭਿਆਸ ਦੌਰਾਨ ਬਾਸਕਟਬਾਲ ‘ਹੂਪ’ ਦਾ ਲੋਹੇ ਦਾ ਖੰਭਾ ਡਿੱਗਣ ਕਾਰਨ ਜਾਨ ਗੁਆਉਣ ਵਾਲੇ ਨਾਬਾਲਗ ਖਿਡਾਰੀ ਦੇ ਪਰਿਵਾਰ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਫ ਆਈ ਆਰ ਦਰਜ ਕੀਤੀ ਹੈ। ਰੋਹਤਕ ਪੁਲੀਸ ਦੇ ਅਧਿਕਾਰੀ ਨੇ ਦੱਸਿਆ ਕਿ ਸਬ-ਜੂਨੀਅਰ ਕੌਮੀ ਚੈਂਪੀਅਨਸ਼ਿਪ ’ਚ ਹਿੱਸਾ ਲੈਣ ਵਾਲੇ ਹਾਰਦਿਕ ਰਾਠੀ ਦੇ ਪਰਿਵਾਰ ਨੇ ਬੀਤੇ ਦਿਨ ਸ਼ਿਕਾਇਤ ਦਰਜ ਕਰਵਾਈ ਹੈ। ਲਖਨਮਾਜਰਾ ਦੇ ਐੱਸ ਐੱਚ ਓ ਸਮਰਜੀਤ ਸਿੰਘ ਨੇ ਕਿਹਾ, ‘‘ਉਸ (ਪੀੜਤ) ਦੇ ਪਿਤਾ ਨੇ ਬੀਤੇ ਦਿਨ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਉਸ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਬੀ ਐੱਨ ਐੱਸ ਦੀ ਧਾਰਾ 106 ਤਹਿਤ ਐੱਫ ਆਈ ਆਰ ਦਰਜ ਕੀਤੀ ਗਈ ਹੈ।’’ ਸ਼ਿਕਾਇਤ ’ਚ ਉਨ੍ਹਾਂ ਸਾਰੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ ਜਿਨ੍ਹਾਂ ਦੀ ਲਾਪ੍ਰਵਾਹੀ ਕਾਰਨ ਇਹ ਹਾਦਸਾ ਵਾਪਰਿਆ ਸੀ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਹਰਿਆਣਾ ’ਚ ਹਾਰਦਿਕ ਤੇ ਇੱਕ ਹੋਰ ਨਾਬਾਲਗ ਖਿਡਾਰੀ ਦੀ ਇਸੇ ਤਰ੍ਹਾਂ ਦੇ ਹਾਦਸੇ ’ਚ ਮੌਤ ਹੋ ਗਈ ਸੀ ਜਦੋਂ ਅਭਿਆਸ ਦੌਰਾਨ ਕੋਰਟ ’ਤੇ ‘ਹੂਪ’ ਦਾ ਲੋਹੇ ਦਾ ਖੰਭਾ ਟੁਟ ਗਿਆ ਸੀ।
