ਲੱਦਾਖ ਡੀਜੀਪੀ ਦੀ ਡੀਪਫੇਕ ਵੀਡੀਓ ਖ਼ਿਲਾਫ਼ ਐੱਫਆਈਆਰ ਦਰਜ
ਪ੍ਰੈੱਸ ਇਨਫਰਮੇਸ਼ਨ ਬਿਊਰੋ (PIB) ਨੇ ਕਿਹਾ ਹੈ ਕਿ ਵੀਡੀਓ, ਜਿਸ ਵਿੱਚ ਜਾਮਵਾਲ ਕਥਿਤ ਤੌਰ ’ਤੇ ਇਹ ਦਾਅਵਾ ਕਰਦੇ ਦਿਖਾਈ ਦੇ ਰਹੇ ਹਨ ਕਿ ਜਲਵਾਯੂ ਕਾਰਕੁਨ ਸੋਨਮ ਵਾਂਗਚੁੱਕ ਨੂੰ ਰੱਖਿਆ ਮੰਤਰੀ ਦੇ ਨਿਰਦੇਸ਼ਾਂ ’ਤੇ ਗ੍ਰਿਫ਼ਤਾਰ ਕੀਤਾ ਗਿਆ ਸੀ, ਡੀਪਫੇਕ ਹੈ।
ਇਹ ਵੀਡੀਓ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਵਾਇਰਲ ਹੋ ਗਈ ਹੈ।
ਪੀਆਈਬੀ ਨੇ ਕਿਹਾ, ‘‘ਜ਼ਿਲ੍ਹਾ ਪੁਲੀਸ ਲੇਹ ਦੇ ਧਿਆਨ ਵਿੱਚ ਆਇਆ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਇੱਕ ਡੀਪਫੇਕ (ਡਿਜੀਟਲ ਤੌਰ ’ਤੇ ਮੌਰਫਡ) ਵੀਡੀਓ ਪ੍ਰਸਾਰਿਤ ਕੀਤੀ ਜਾ ਰਹੀ ਹੈ। ਇਸ ਵੀਡੀਓ ਵਿੱਚ ਯੂਟੀ ਲੱਦਾਖ ਦੇ ਡੀਜੀਪੀ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।
ਲੇਹ ਜ਼ਿਲ੍ਹਾ ਪੁਲੀਸ ਦੀ ਸਾਈਬਰ ਇਕਾਈ ਨੇ ਇੱਕ ਬਿਆਨ ਵਿੱਚ ਕਿਹਾ, ‘‘ਵੀਡੀਓ ਨੂੰ ਡੀਪਫੇਕ Al ਦੀ ਵਰਤੋਂ ਕਰਕੇ ਹਿੰਸਾ ਭੜਕਾਉਣ ਦੇ ਇਰਾਦੇ ਨਾਲ ਡਿਜੀਟਲ ਤੌਰ ’ਤੇ ਤੋੜ-ਮਰੋੜ ਕੇ ਪ੍ਰਸਾਰਿਤ ਕੀਤਾ ਗਿਆ ਅਤੇ ਇਸ ਕਾਰਨ ਖੇਤਰ ਵਿੱਚ ਸ਼ਾਂਤੀ ਅਤੇ ਸਦਭਾਵਨਾ ਭੰਗ ਹੋਣ ਦੀ ਸੰਭਾਵਨਾ ਹੈ। ਇਸ ’ਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 353(2), 356, ਅਤੇ ਆਈਟੀ ਐਕਟ, 2000 ਦੀ 66C ਅਤੇ 66D ਤਹਿਤ ਪੁਲੀਸ ਸਟੇਸ਼ਨ ਲੇਹ ਵਿੱਚ ਐੱਫਆਈਆਰ 148 ਦਰਜ ਕੀਤੀ ਗਈ ਹੈ।’’
ਸਾਈਬਰ ਇਕਾਈ ਨੇ ਕਿਹਾ ਕਿ ਮਾਮਲੇ ਦੀ ਜਾਂਚ ਪੜਤਾਲ ਜਾਰੀ ਹੈ।
ਬਿਆਨ ਵਿੱਚ ਕਿਹਾ ਗਿਆ, ‘‘ਲੇਹ ਜ਼ਿਲ੍ਹਾ ਪੁਲੀਸ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਅਜਿਹੇ ਵੀਡੀਓਜ਼ ਨੂੰ ਸਾਂਝਾ ਕਰਨ ਤੋਂ ਪਹਿਲਾਂ ਹਮੇਸ਼ਾ ਸਮੱਗਰੀ ਦੀ ਪੁਸ਼ਟੀ ਕੀਤੀ ਜਾਵੇ। ਇਸ ਤਰ੍ਹਾਂ ਦੀ ਗਲਤ ਜਾਣਕਾਰੀ ਨਾਲ ਕਾਨੂੰਨ ਅਨੁਸਾਰ ਸਖ਼ਤੀ ਨਾਲ ਨਜਿੱਠਿਆ ਜਾਵੇਗਾ।’’
ਉਨ੍ਹਾਂ ਕਿਹਾ, ‘‘ਜੇਕਰ ਕੋਈ ਵਿਅਕਤੀ ਅਜਿਹੀਆਂ ਗੁੰਮਰਾਹਕੁਨ ਪੋਸਟਾਂ ਜਾਂ ਵੀਡੀਓਜ਼ ਨੂੰ ਦੇਖਦਾ ਹੈ ਤਾਂ ਉਸ ਨੂੰ ਤੁਰੰਤ ਸਾਈਬਰ ਸੈੱਲ ਲੇਹ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ ਜਾਂਦੀ ਹੈ।’’
30 ਸਤੰਬਰ ਨੂੰ ਪੀਆਈਬੀ ਦੀ ਤੱਥ ਜਾਂਚ ਇਕਾਈ ਨੇ ਕਿਹਾ ਕਿ ਲੱਦਾਖ ਦੇ ਡੀਜੀਪੀ ਦਾ ਇੱਕ ਡਿਜੀਟਲ ਰੂਪ ਵਿੱਚ ਬਦਲਿਆ ਗਿਆ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਦਾਅਵਾ ਕਰਦੇ ਦਿਖਾਏ ਗਏ ਹਨ ਕਿ ਵਾਂਗਚੁਕ ਨੂੰ ਰੱਖਿਆ ਮੰਤਰੀ ਦੇ ਨਿਰਦੇਸ਼ਾਂ ’ਤੇ ਗ੍ਰਿਫ਼ਤਾਰ ਕੀਤਾ ਗਿਆ ਸੀ।
ਲੱਦਾਖ ਦੇ ਰਾਜ ਦਾ ਦਰਜਾ ਅਤੇ ਛੇਵੀਂ ਸ਼ਡਿਊਲ ਦਾ ਦਰਜਾ ਮੰਗਣ ਵਾਲੇ ਵਿਰੋਧ ਪ੍ਰਦਰਸ਼ਨਾਂ ਤੋਂ ਦੋ ਦਿਨ ਬਾਅਦ ਪੁਲੀਸ ਨੇ 26 ਸਤੰਬਰ ਨੂੰ ਵਾਂਗਚੁਕ ਨੂੰ ਗ੍ਰਿਫ਼ਤਾਰ ਕੀਤਾ, ਜਿਸ ਦੌਰਾਨ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਚਾਰ ਜਣੇ ਮਾਰੇ ਗਏ ਅਤੇ 90 ਜ਼ਖ਼ਮੀ ਹੋ ਗਏ ਸਨ।
ਡੀਜੀਪੀ ਐੱਸਡੀ ਸਿੰਘ ਜਾਮਵਾਲ ਦੀ ਅਗਵਾਈ ਵਾਲੀ ਪੁਲੀਸ ਟੀਮ ਨੇ ਵਾਂਗਚੁਕ ਨੂੰ ਹਿਰਾਸਤ ਵਿੱਚ ਲਿਆ ਸੀ।