ਪਾਵਰਕੌਮ ਦੇ ਨਵੇਂ ਚੇਅਰਮੈਨ ’ਤੇ ਉਂਗਲ ਉੱਠੀ
ਪੰਜਾਬ ਸਰਕਾਰ ਨੇ ਪਾਵਰਕੌਮ ’ਚੋਂ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਤੋਂ ਹਟਾਏ ਸੀਨੀਅਰ ਆਈ ਏ ਐੱਸ ਅਧਿਕਾਰੀ ਏ ਕੇ ਸਿਨਹਾ ਨੂੰ ਹਵਾ ’ਚ ਲਟਕਾ ਦਿੱਤਾ ਹੈ; ਉਨ੍ਹਾਂ ਦੀ ਥਾਂ ਪਾਵਰਕੌਮ ’ਚ ਤਾਇਨਾਤ ਕੀਤੇ ਆਈ ਏ ਐੱਸ ਅਫਸਰ ਬਸੰਤ ਗਰਗ ਨੂੰ ਸੀ ਐੱਮ ਡੀ ਦਾ ਵਾਧੂ ਚਾਰਜ ਦਿੱਤੇ ਜਾਣ ’ਤੇ ਉਂਗਲ ਉੱਠਣ ਲੱਗੀ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ 22 ਦਸੰਬਰ 2017 ਨੂੰ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ, ਸਰਕਾਰ ਰੈਗੂਲਰ ਚੇਅਰਮੈਨ ਲਾ ਸਕਦੀ ਹੈ, ਜਾਂ ਫਿਰ ਪ੍ਰਮੁੱਖ ਸਕੱਤਰ/ਵਿੱਤ ਕਮਿਸ਼ਨਰ ਪੱਧਰ ਦੇ ਅਧਿਕਾਰੀ ਨੂੰ ਵਾਧੂ ਚਾਰਜ ਦੇ ਸਕਦੀ ਹੈ।
ਸੂਤਰਾਂ ਅਨੁਸਾਰ ਸੀਨੀਅਰ ਅਧਿਕਾਰੀ ਏ ਕੇ ਸਿਨਹਾ ਨੇ ਚੇਅਰਮੈਨ ਰਹਿੰਦਿਆਂ ਪਿਛਲੇ ਸਮੇਂ ਦੌਰਾਨ ਦਾਗੀ ਤੇ ਸ਼ੱਕੀ ਕਿਰਦਾਰ ਵਾਲੇ ਅਫਸਰਾਂ ਦੀਆਂ ਬਦਲੀਆਂ ਨੂੰ ਲੈ ਕੇ ਸਰਕਾਰ ਨੂੰ ਤਸਵੀਰ ਦਿਖਾ ਦਿੱਤੀ ਸੀ ਪਰ ਸ੍ਰੀ ਸਿਨਹਾ ਦੇ ਵਿਰੋਧ ਦੇ ਬਾਵਜੂਦ ਅਹਿਮ ਥਾਵਾਂ ’ਤੇ ਕੁਝ ਨਿਯੁਕਤੀਆਂ ਹੋਈਆਂ। ਅੰਦਰੋ-ਅੰਦਰੀ ਪਾਵਰਕੌਮ ਦੇ ਕੰਮਕਾਜ ਨੂੰ ਲੈ ਕੇ ਚੇਅਰਮੈਨ ਅਤੇ ਸਰਕਾਰ ਦਰਮਿਆਨ ਖੜਕ ਗਈ ਸੀ। ਪਾਵਰਕੌਮ ਦੀਆਂ ਲੁਧਿਆਣਾ ਤੇ ਪਟਿਆਲਾ ਵਿਚਲੀਆਂ ਸਰਕਾਰੀ ਜਾਇਦਾਦਾਂ ਵੇਚਣ ਦਾ ਏਜੰਡਾ ਸਰਕਾਰ ਲਈ ਤਰਜੀਹੀ ਹੈ ਜਿਸ ਦਾ ਵਿਰੋਧ ਪਾਵਰਕੌਮ ਦੀਆਂ ਮੁਲਾਜ਼ਮ ਜਥੇਬੰਦੀਆਂ ਵੀ ਕਰ ਚੁੱਕੀਆਂ ਹਨ। ਆਖ਼ਰ ਸ੍ਰੀ ਸਿਨਹਾ ਨੂੰ ਸਰਕਾਰ ਨੇ ਬਦਲਿਆ ਹੀ ਨਹੀਂ ਸਗੋਂ ਉਨ੍ਹਾਂ ਨੂੰ ਕੋਈ ਪੋਸਟਿੰਗ ਵੀ ਨਹੀਂ ਦਿੱਤੀ। ਇਸ ਤੋਂ ਪਹਿਲਾਂ ਸੀਨੀਅਰ ਆਈ ਏ ਐੱਸ ਅਧਿਕਾਰੀ ਗੁਰਕੀਰਤ ਕਿਰਪਾਲ ਸਿੰਘ ਨੂੰ ਵੀ ਕੋਈ ਪੋਸਟਿੰਗ ਨਹੀਂ ਦਿੱਤੀ ਸੀ। ਪੰਜਾਬ ਦੇ ਪ੍ਰਸ਼ਾਸਨਿਕ ਹਲਕਿਆਂ ’ਚ ਚਰਚਾ ਵੀ ਹੈ ਕਿ ਸ੍ਰੀ ਸਿਨਹਾ ਨੂੰ ਕਾਫ਼ੀ ਦਬਾਅ ਵੀ ਝੱਲਣਾ ਪਿਆ ਹੈ ਕਿਉਂਕਿ ਉਹ ਵਿਜੀਲੈਂਸ ਕੇਸਾਂ ’ਚ ਉਲਝੇ ਅਫਸਰਾਂ ਨੂੰ ਅਹਿਮ ਥਾਵਾਂ ’ਤੇ ਨਹੀਂ ਲਾਉਣਾ ਚਾਹੁੰਦੇ ਸਨ।
ਇੰਜਨੀਅਰਜ਼ ਐਸੋਸੀਏਸ਼ਨ ਦਾ ਮੁੱਖ ਮੰਤਰੀ ਨੂੰ ਪੱਤਰ
ਪੀ ਐੱਸ ਈ ਬੀ ਇੰਜਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਧੀਮਾਨ ਅਤੇ ਜਨਰਲ ਸਕੱਤਰ ਅਜੇਪਾਲ ਸਿੰਘ ਅਟਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਜਿਸ ਸਕੱਤਰ ਪੱਧਰ ਦੇ ਆਈ ਏ ਐੱਸ ਅਧਿਕਾਰੀ ਨੂੰ ਪਾਵਰਕੌਮ ਦਾ ਸੀ ਐੱਮ ਡੀ ਦਾ ਚਾਰਜ ਦਿੱਤਾ ਗਿਆ ਹੈ, ਉਸ ਦੀ ਤਾਇਨਾਤੀ ਨਿਰਧਾਰਤ ਯੋਗਤਾ ਅਨੁਸਾਰ ਨਹੀਂ ਹੈ। ਐਸੋਸੀਏਸ਼ਨ ਨੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਸਕੱਤਰ ਪੱਧਰ ਦੇ ਅਧਿਕਾਰੀ ਨੂੰ ਚਾਰਜ ਦਿੱਤਾ ਗਿਆ ਹੈ ਜਦਕਿ ਪਾਵਰ ਸੈਕਟਰ ਵਧੇਰੇ ਧਿਆਨ ਤੇ ਤਜਰਬੇ ਦੀ ਮੰਗ ਕਰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਪਾਵਰਕੌਮ ਤੇ ਟਰਾਂਸਕੋ ਦਾ ਰੈਗੂਲਰ ਸੀ ਐੱਮ ਡੀ ਕਿਸੇ ਟੈਕਨੋਕਰੇਟ ਨੂੰ ਲਾਇਆ ਜਾਵੇ।
