ਵਿੱਤੀ ਸੱਟ: ਬਾਸਮਤੀ ਦੀ ਮਹਿਕ ਨੂੰ ਸਹਿਕੇ ਕਿਸਾਨ
ਪੰਜਾਬ ’ਚ ਐਤਕੀਂ ਬਾਸਮਤੀ ਕਾਸ਼ਤਕਾਰ ਪ੍ਰੇਸ਼ਾਨ ਹਨ। ਇਸ ਵਾਰ ਪੰਜਾਬ ’ਚ ਬਾਸਮਤੀ ਹੇਠਲਾ ਰਕਬਾ ਵੀ ਘੱਟ ਹੈ, ਝਾੜ ਵੀ ਘੱਟ ਹੈ ਅਤੇ ਬਾਸਮਤੀ ਦੀ ਕੀਮਤ ਵੀ ਘੱਟ ਹੈ। ਇਹ ਦੂਜਾ ਵਰ੍ਹਾ ਹੈ ਜਦੋਂ ਬਾਸਮਤੀ ਕਾਸ਼ਤਕਾਰਾਂ ਨੂੰ ਵਿੱਤੀ ਸੱਟ ਵੱਜ ਰਹੀ ਹੈ। ਹੁਣ ਤੱਕ ਪੰਜਾਬ ਦੀਆਂ ਮੰਡੀਆਂ ’ਚ 6.65 ਲੱਖ ਮੀਟਰਿਕ ਟਨ ਬਾਸਮਤੀ ਆ ਚੁੱਕੀ ਹੈ; ਸਭ ਤੋਂ ਵੱਧ, ਕਰੀਬ ਸਵਾ ਤਿੰਨ ਲੱਖ ਮੀਟਰਿਕ ਟਨ ਫ਼ਸਲ ਅੰਮ੍ਰਿਤਸਰ ’ਚ ਪੁੱਜੀ ਹੈ। ਸਰਕਾਰੀ ਖ਼ਰੀਦ ਨਾ ਹੋਣ ਕਰ ਕੇ ਬਾਸਮਤੀ ਕਾਸ਼ਤਕਾਰ ਪ੍ਰਾਈਵੇਟ ਵਪਾਰੀਆਂ ’ਤੇ ਨਿਰਭਰ ਹਨ।
ਪੰਜਾਬ ’ਚ ਹੜ੍ਹਾਂ ਕਾਰਨ ਬਾਸਮਤੀ ਦੀ ਹਜ਼ਾਰਾਂ ਏਕੜ ਫ਼ਸਲ ਪ੍ਰਭਾਵਿਤ ਹੋਈ ਹੈ ਤੇ ਪੈਦਾਵਾਰ ਵੀ ਘਟੀ ਹੈ। ਇਸ ਦੇ ਬਾਵਜੂਦ ਕੀਮਤ ’ਚ ਕੋਈ ਵਾਧਾ ਨਹੀਂ ਹੋਇਆ। ਪ੍ਰਾਪਤ ਵੇਰਵਿਆਂ ਅਨੁਸਾਰ, ਪੂਸਾ 1509 ਦਾ ਭਾਅ 2300-2500 ਰੁਪਏ ਪ੍ਰਤੀ ਕੁਇੰਟਲ ਤੇ ਪੂਸਾ 1718 ਦਾ ਭਾਅ 3300 ਰੁਪਏ ਮਿਲ ਰਿਹਾ ਹੈ। ਪਿਛਲੇ ਸਾਲ ਇਹੀ ਕੀਮਤ 3500-4000 ਪ੍ਰਤੀ ਕੁਇੰਟਲ ਸੀ ਤੇ 2023 ’ਚ ਬਾਸਮਤੀ ਦੇ ਭਾਅ 4700 ਰੁਪਏ ਤੱਕ ਸਨ।
ਫ਼ਾਜ਼ਿਲਕਾ ਮੰਡੀ ਦੇ ਆੜ੍ਹਤੀਏ ਸੰਜੀਵ ਗੋਲਡੀ ਸਚਦੇਵਾ ਨੇ ਕਿਹਾ ਕਿ ਪੂਸਾ 1509 ਵਰਗੀਆਂ ਕਿਸਮਾਂ ਦਾ ਕਿਸਾਨਾਂ ਨੂੰ 2700-3100 ਰੁਪਏ ਦਰਮਿਆਨ ਭਾਅ ਮਿਲ ਰਿਹਾ ਹੈ ਤੇ ਪੂਸਾ 1718 ਦਾ ਭਾਅ ਬਿਹਤਰ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਤੋਂ ਇਲਾਵਾ ਰਾਜਸਥਾਨ ਦੇ ਕਿਸਾਨ ਵੀ ਬਾਸਮਤੀ ਦੀ ਕਾਸ਼ਤ ਕਰਨ ਲੱਗੇ ਹਨ ਜਿਸ ਕਰ ਕੇ ਪੰਜਾਬ ਹਰਿਆਣਾ ਦੀ ਮਾਰਕੀਟ ’ਤੇ ਅਸਰ ਪਿਆ ਹੈ।
ਸਰਹੱਦੀ ਕਿਸਾਨ ਰਾਜੇਸ਼ ਕੁਮਾਰ ਨੇ ਕਿਹਾ ਕਿ ਇਸ ਸਾਲ ਪੂਸਾ 1718 ਦਾ ਭਾਅ 3300 ਰੁਪਏ ਹੀ ਮਿਲ ਰਿਹਾ ਹੈ ਤੇ ਪੂਸਾ 1121 ਵਾਲੇ ਕਿਸਾਨ ਤਾਂ ਕਾਫ਼ੀ ਮਾਰ ਝੱਲ ਰਹੇ ਹਨ। ਪਿਛਲੇ ਸਾਲ 4700 ਰੁਪਏ ਭਾਅ ਲੈਣ ਵਾਲੀਆਂ ਕਿਸਮਾਂ ਨੂੰ ਐਤਕੀਂ 3000-4000 ਰੁਪਏ ਭਾਅ ਮਿਲ ਰਿਹਾ ਹੈ। ਬਾਸਮਤੀ ਬਰਾਮਦਕਾਰ ਰਣਜੀਤ ਸਿੰਘ ਜੋਸ਼ਨ ਨੇ ਕਿਹਾ ਕਿ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ’ਚ ਬਾਸਮਤੀ ਦੀ ਫ਼ਸਲ ਪਿਛਲੇ ਸਾਲਾਂ ਨਾਲੋਂ 20 ਫ਼ੀਸਦੀ ਜ਼ਿਆਦਾ ਹੋਣ ਤੇ ਦੂਜਾ ਪੱਛਮੀ-ਏਸ਼ਿਆਈ ਟਕਰਾਅ ਕਾਰਨ ਕੌਮਾਂਤਰੀ ਮੰਗ ’ਚ ਕਮੀ ਆਈ ਹੈ। ਪੰਜਾਬ ਵਿੱਚ ਪੂਸਾ 1718 ਤੇ ਪੂਸਾ 1121 ਦੀ ਵੱਧ ਕਾਸ਼ਤ ਕੀਤੀ ਜਾਂਦੀ ਹੈ ਤੇ ਇਨ੍ਹਾਂ ਕਿਸਮਾਂ ’ਚ ਨਮੀ ਦੀ ਮਾਤਰਾ 25 ਫ਼ੀਸਦੀ ਤੱਕ ਆਉਣ ਕਾਰਨ ਖ਼ਰੀਦਦਾਰ ਮੂੰਹ ਮੋੜ ਰਹੇ ਹਨ। ਮਾਹਿਰ ਆਖਦੇ ਹਨ ਕਿ ਅਮਰੀਕੀ ਟੈਰਿਫ਼ ਨੇ ਵੀ ਇਸ ਵਾਰ ਬਰਾਮਦ ਨੂੰ ਪ੍ਰਭਾਵਿਤ ਕੀਤਾ ਹੈ।