Film abhi baaki hain, says Gadkari: ਅਭੀ ਤਕ ਜੋ ਭੀ ਹੂਆ ਵੋਹ ਨਿਊਜ਼ ਰੀਲ ਥੀ, ਫਿਲਮ ਅਭੀ ਬਾਕੀ ਹੈਂ: ਗਡਕਰੀ
ਨਾਗਪੁਰ, 21 ਜੂਨ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ 2029 (ਆਮ ਚੋਣਾਂ) ਵਿੱਚ ਆਪਣੀ ਭੂਮਿਕਾ ਬਾਰੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਦਾਅਵਾ ਕੀਤਾ ਕਿ ਪਿਛਲੇ 11 ਸਾਲਾਂ ਵਿੱਚ ਜੋ ਦੇਖਿਆ ਗਿਆ ਉਹ ਸਿਰਫ਼ ਨਿਊਜ਼ ਰੀਲ ਸੀ ਅਤੇ ਅਸਲੀ ਫਿਲਮ ਹਾਲੇ ਆਉਣੀ ਬਾਕੀ ਹੈ।
ਸੀਨੀਅਰ ਭਾਜਪਾ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਪਾਰਟੀ ਆਪਣੇ ਆਗੂਆਂ ਤੇ ਵਰਕਰਾਂ ਲਈ ਜ਼ਿੰਮੇਵਾਰੀਆਂ ਨਿਰਧਾਰਤ ਕਰਦੀ ਹੈ ਅਤੇ ਪਾਰਟੀ ਉਨ੍ਹਾਂ ਨੂੰ ਜੋ ਵੀ ਨਵਾਂ ਕੰਮ ਦੇਵੇਗੀ ਉਹ ਉਸ ਅਨੁਸਾਰ ਹੀ ਕੰਮ ਕਰਨਗੇ। ਗਡਕਰੀ ਨੇ ਕਿਹਾ, ‘ਅਭੀ ਤੱਕ ਜੋ ਜੋ ਭੀ ਹੂਆ ਵੋਹ ਤੋ ਨਿਊਜ਼ ਰੀਲ ਥੀ, ਅਸਲੀ ਫਿਲਮ ਸ਼ੁਰੂ ਹੋਨਾ ਔਰ ਬਾਕੀ ਹੈ। ਗਡਕਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਆਪਣਾ ਰਾਜਨੀਤਕ ਬਾਇਓਡਾਟਾ ਪ੍ਰਕਾਸ਼ਿਤ ਨਹੀਂ ਕੀਤਾ ਅਤੇ ਨਾ ਹੀ ਉਨ੍ਹਾਂ ਨੇ ਕਦੇ ਸਮਰਥਕਾਂ ਨੂੰ ਹਵਾਈ ਅੱਡਿਆਂ ’ਤੇ ਉਨ੍ਹਾਂ ਲਈ ਸ਼ਾਨਦਾਰ ਸਵਾਗਤ ਸਮਾਗਮ ਕਰਨ ਲਈ ਕਿਹਾ ਹੈ। ਗਡਕਰੀ ਨੇ ਕਿਹਾ ਕਿ ਉਨ੍ਹਾਂ ਦੀ ਨਿੱਜੀ ਇੱਛਾ ਵਿਦਰਭ ਵਿੱਚ ਕਿਸਾਨ ਖੁਦਕੁਸ਼ੀਆਂ ਨੂੰ ਰੋਕਣ ਲਈ ਕੰਮ ਕਰਨਾ ਹੈ।
ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਉਹ ਸੜਕਾਂ ਦੇ ਕੰਮਾਂ ਦੀ ਬਜਾਏ ਖੇਤੀਬਾੜੀ ਅਤੇ ਹੋਰ ਸਮਾਜਿਕ ਪਹਿਲਕਦਮੀਆਂ ’ਤੇ ਜ਼ਿਆਦਾ ਕੰਮ ਕਰ ਰਹੇ ਹਨ। ਇਹ ਪੁੱਛੇ ਜਾਣ ’ਤੇ ਕਿ ਭਾਰਤ ਦੀ ਪ੍ਰਤੀ ਵਿਅਕਤੀ ਆਮਦਨ ਦੁਨੀਆ ਦੇ ਸਿਖਰਲੇ 10 ਦੇਸ਼ਾਂ ਵਿੱਚ ਕਿਉਂ ਨਹੀਂ ਹੈ ਤਾਂ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਲਈ ਦੇਸ਼ ਦੀ ਆਬਾਦੀ ਜ਼ਿੰਮੇਵਾਰ ਹੈ। ਜਨਸੰਖਿਆ ਨਿਯੰਤਰਣ ਬਿੱਲ ਨੂੰ ਸਮਰਥਨ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਕੋਈ ਧਾਰਮਿਕ ਜਾਂ ਭਾਸ਼ਾਈ ਮੁੱਦਾ ਨਹੀਂ ਹੈ।