ਮੇਲੇ ਦਾ ਪ੍ਰਬੰਧਕ ਤੇ ਜ਼ੁਬੀਨ ਗਰਗ ਦਾ ਮੈਨੇਜਰ ਦਿੱਲੀ ਤੋਂ ਗ੍ਰਿਫ਼ਤਾਰ, 14 ਦਿਨਾ ਪੁਲੀਸ ਹਿਰਾਸਤ ’ਚ ਭੇਜਿਆ
ਨੌਰਥ ਈਸਟ ਇੰਡੀਆ ਫੈਸਟੀਵਲ (NEIF) ਦੇ ਮੁੱਖ ਪ੍ਰਬੰਧਕ ਸ਼ਿਆਮਕਾਨੂ ਮਹੰਤਾ ਤੇ ਜ਼ੁਬੀਨ ਗਰਗ ਦੇ ਮੈਨੇਜਰ ਸਿਧਾਰਥ ਸ਼ਰਮਾ ਨੂੰ ਗਾਇਕ ਦੀ ਸਿੰਗਾਪੁਰ ਵਿਚ ਹੋਈ ਮੌਤ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮਹੰਤਾ ਨੂੰ ਨਵੀਂ ਦਿੱਲੀ ਵਿਚ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਆਮਦ ਮੌਕੇ ਗ੍ਰਿਫਤਾਰ ਕੀਤਾ ਗਿਆ ਜਦੋਂਕਿ ਸ਼ਰਮਾ ਨੂੰ ਗੁਰੂਗ੍ਰਾਮ ਦੇ ਇਕ ਅਪਾਰਟਮੈਂਟ ’ਚੋਂ ਕਾਬੂ ਕੀਤਾ ਹੈ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਇਨ੍ਹਾਂ ਦੋਵਾਂ ਨੂੰ ਬੁੱਧਵਾਰ ਸਵੇਰੇ ਗੁਹਾਟੀ ਲਿਆਂਦਾ ਗਿਆ ਹੈ। ਦੋਵਾਂ ਨੂੰ 14 ਦਿਨਾਂ ਦੀ ਪੁਲੀਸ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਗਾਇਕ ਜ਼ੁਬੀਨ ਗਰਗ ਦੀ 19 ਸਤੰਬਰ ਨੂੰ ਸਿੰਗਾਪੁਰ ਵਿਚ ਸਮੁੰਦਰ ’ਚ ਡੁੱਬਣ ਕਰਕੇ ਮੌਤ ਹੋ ਗਈ ਸੀ।
ਅਸਾਮ ਸਰਕਾਰ ਨੇ ਇਸ ਪੂਰੇ ਮਾਮਲੇ ਦੀ ਜਾਂਚ ਲਈ ਸਪੈਸ਼ਲ ਡੀਜੀਪੀ ਐੱਮਪੀ ਗੁਪਤਾ ਦੀ ਅਗਵਾਈ ਹੇਠ 10 ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿਟ) ਬਣਾਈ ਹੈ। ਸਿਟ ਨੇ ਮਹੰਤਾ, ਸ਼ਰਮਾ, ਸਿੰਗਾਪੁਰ ਅਸਾਮ ਐਸੋਸੀਏਸ਼ਨ ਦੇ ਮੈਂਬਰਾਂ ਤੇ ਫੈਸਟੀਵਲ ਲਈ ਸਿੰਗਾਪੁਰ ਗਏ ਹੋਰਨਾਂ ਨੂੰ ਨੋਟਿਸ ਜਾਰੀ ਕਰਕੇ ਉਸ ਅੱਗੇ ਪੇਸ਼ ਹੋਣ ਤੇ ਬਿਆਨ ਦਰਜ ਕਰਵਾਉਣ ਲਈ ਕਿਹਾ ਸੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਕਿਹਾ ਸੀ ਕਿ ਮਹੰਤਾ ਤੇ ਸ਼ਰਮਾ ਖਿਲਾਫ਼ ਇੰਟਰਪੋਲ ਜ਼ਰੀਏ ‘ਲੁੁਕਆਊਟ ਨੋਟਿਸ’ ਜਾਰੀ ਕਰਕੇ ਉਨ੍ਹਾਂ ਨੂੰ 6 ਅਕੂਤਬਰ ਤੱਕ ਸੀਆਈਡੀ ਕੋਲ ਪੇਸ਼ ਹੋਣ ਲਈ ਕਿਹਾ ਹੈ।