ਫਿਰੋਜ਼ਪੁਰ-ਪੱਟੀ ਰੇਲ ਲਿੰਕ ਨੂੰ ਕੇਂਦਰ ਵੱਲੋਂ ਹਰੀ ਝੰਡੀ
ਰੇਲ ਮੰਤਰਾਲੇ ਨੇ ਫਿਰੋਜ਼ਪੁਰ ਤੋਂ ਪੱਟੀ ਤੱਕ ਨਵੀਂ ਰੇਲ ਲਾਈਨ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਕਰੀਬ 25.7 ਕਿਲੋਮੀਟਰ ਰੇਲ ਲਾਈਨ 764.19 ਕਰੋੜ ਰੁਪਏ ਦੀ ਲਾਗਤ ਬਣੇਗੀ। ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਫਿਰੋਜ਼ਪੁਰ ਤੋਂ ਪੱਟੀ ਤੱਕ ਨਵੀਂ ਰੇਲ ਲਾਈਨ ਬਣਾਉਣ ਲਈ ਪਿਛਲੇ ਦੋ ਦਹਾਕਿਆਂ ਤੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਪਰ ਸਰਕਾਰਾਂ ਦੀਆਂ ਗਲਤ ਨੀਤੀਆਂ ਕਰ ਕੇ ਇਹ ਨਹੀਂ ਬਣ ਸਕੀ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਨਵੀਂ ਰੇਲ ਲਾਈਨ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਪ੍ਰਾਜੈਕਟ ਤਹਿਤ ਕੇਂਦਰ ਸਰਕਾਰ ਵੱਲੋਂ 166 ਕਰੋੜ ਰੁਪਏ 12 ਪਿੰਡਾਂ ਵਿੱਚ ਜ਼ਮੀਨ ਖਰੀਦਣ ਲਈ ਖਰਚ ਕੀਤੇ ਜਾਣਗੇ।
ਸ੍ਰੀ ਬਿੱਟੂ ਨੇ ਕਿਹਾ ਕਿ ਫਿਰੋਜ਼ਪੁਰ ਤੋਂ ਪੱਟੀ ਨਵੀਂ ਰੇਲ ਲਾਈਨ ਬਣਨ ਨਾਲ ਫਿਰੋਜ਼ਪੁਰ ਤੋਂ ਅੰਮ੍ਰਿਤਸਰ ਵਿਚਕਾਰਲਾ ਫਾਸਲਾ 196 ਕਿਲੋਮੀਟਰ ਤੋਂ ਘਟ ਕੇ 100 ਕਿਲੋਮੀਟਰ ਰਹਿ ਜਾਵੇਗਾ। ਨਵੀਂ ਰੇਲਵੇ ਲਾਈਨ ਨੂੰ ਸਤਲੁਜ ਦਰਿਆ ਉਪਰੋਂ ਕੱਢਿਆ ਜਾਵੇਗਾ, ਜਿਸ ’ਤੇ 400 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਦੇ ਨਾਲ ਹੀ ਨਵੀਂ ਰੇਲਵੇ ਲਾਈਨ ਮਾਝੇ ਨੂੰ ਮਾਲਵਾ ਨਾਲ ਜੋੜਨ ਦਾ ਕੰਮ ਕਰੇਗੀ। ਇਹ ਰੇਲ ਲਾਈਨ ਪੰਜਾਬ, ਰਾਜਸਥਾਨ ਤੋਂ ਹੁੰਦੇ ਹੋਏ ਗੁਜਰਾਤ ਦੀ ਬੰਦਰਗਾਹ ਨਾਲ ਜੋੜਨ ਦਾ ਕੰਮ ਕਰੇਗੀ। ਇਸ ਨਾਲ ਜੰਮੂ-ਫਿਰੋਜ਼ਪੁਰ-ਫਾਜ਼ਿਲਕਾ-ਮੁੰਬਈ ਲਾਂਘੇ ਦਾ ਰਾਹ 236 ਕਿਲੋਮੀਟਰ ਘੱਟ ਜਾਵੇਗਾ। ਇਸ ਨਾਲ ਪੰਜਾਬ ਵਿੱਚ ਵਿਕਾਸ ਦੇ ਨਵੇਂ ਰਾਹ ਖੁੱਲ੍ਹਣਗੇ ਅਤੇ ਇਹ ਫ਼ੌਜ ਲਈ ਰੱਖਿਆ ਵਾਸਤੇ ਕਾਰਗਰ ਸਾਬਤ ਹੋਵੇਗਾ। ਨਵੀਂ ਰੇਲ ਲਾਈਨ ਨਾਲ ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਪਿੰਡਾਂ ਦੇ ਮਰੀਜ਼ਾਂ ਨੂੰ ਲਾਭ ਮਿਲੇਗਾ।
ਸਰਕਾਰ ਨਵੇਂ ਰੇਲ ਲਿੰਕਾਂ ਲਈ ਗੰਭੀਰ ਨਹੀਂ: ਬਿੱਟੂ
ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਲਈ ਨਵੀਆਂ ਰੇਲ ਲਾਈਨਾਂ ਨੂੰ ਮਨਜ਼ੂਰੀ ਦਿੱਤੀ ਜਾ ਰਹੀ ਹੈ ਪਰ ‘ਆਪ’ ਸਰਕਾਰ ਇਨ੍ਹਾਂ ਪ੍ਰਤੀ ਗੰਭੀਰ ਨਹੀਂ ਹੈ। ਫਿਰੋਜ਼ਪੁਰ-ਪੱਟੀ ਰੇਲਵੇ ਲਾਈਨ ਨੂੰ ਕੇਂਦਰ ਨੇ 28 ਅਕਤੂਬਰ ਨੂੰ ਪ੍ਰਵਾਨਗੀ ਦਿੱਤੀ ਸੀ ਅਤੇ ਰੇਲ ਮੰਤਰਾਲੇ ਨੇ ਜ਼ਮੀਨਾਂ ਐਕੁਆਇਰ ਕਰਨ ਤੇ ਹੋਰ ਮਦਦ ਲਈ ਪੰਜਾਬ ਦੇ ਮੁੱਖ ਸਕੱਤਰ ਨੂੰ ਪੱਤਰ ਲਿਖਿਆ ਸੀ ਪਰ 14 ਦਿਨਾਂ ਬਾਅਦ ਵੀ ਕੋਈ ਜਵਾਬ ਨਹੀਂ ਦਿੱਤਾ ਗਿਆ। ਇਸੇ ਤਰ੍ਹਾਂ ਰਾਜਪੁਰਾ-ਮੁਹਾਲੀ ਰੇਲ ਲਾਈਨ ਲਈ 23 ਸਤੰਬਰ ਨੂੰ ਪੱਤਰ ਲਿਖਿਆ, ਉਸ ਬਾਰੇ ਵੀ ਪੰਜਾਬ ਸਰਕਾਰ ਦਾ ਜਵਾਬ ਨਹੀਂ ਮਿਲਿਆ।
