ਜਾਧਵਪੁਰ ਯੂਨੀਵਰਸਿਟੀ ਕੈਂਪਸ ’ਚ ਬੇਸੁਰਤ ਹੋਈ ਮਹਿਲਾ ਵਿਦਿਆਰਥਣ ਦੀ ਹਸਪਤਾਲ ’ਚ ਮੌਤ
ਜਾਧਵਪੁਰ ਯੂਨੀਵਰਸਿਟੀ (ਜੇਯੂ) ਦੀ ਵਿਦਿਆਰਥਣ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਨੇੜਲੇ ਹਸਪਤਾਲ ਲਿਜਾਣ ਤੋਂ ਬਾਅਦ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅੰਗਰੇਜ਼ੀ ਦੀ ਤੀਜੇ ਸਾਲ ਦੀ ਅੰਡਰਗਰੈਜੁਏਟ ਵਿਦਿਆਰਥਣ ਵੀਰਵਾਰ ਸ਼ਾਮ ਨੂੰ ਕੈਂਪਸ ਵਿੱਚ ਬੇਸੁਰਤ ਹਾਲਤ ਵਿੱਚ ਮਿਲੀ ਸੀ। ਯੂਨੀਵਰਸਿਟੀ ਦੇ ਇੱਕ ਹੋਰ ਅਧਿਕਾਰੀ ਨੇ ਕਿਹਾ ਕਿ ਉਹ ਉੱਥੇ ਆਪਣੇ ਸਹਿਪਾਠੀਆਂ ਨਾਲ ਗੱਲਬਾਤ ਕਰ ਰਹੀ ਸੀ। ਹਾਲਾਂਕਿ ਅਜੇ ਕੁਝ ਵੀ ਸਪੱਸ਼ਟ ਨਹੀਂ ਹੈ।
ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥਣ ਨੂੰ ਉਸ ਦੇ ਦੋਸਤਾਂ ਅਤੇ ਯੂਨੀਵਰਸਿਟੀ ਦੇ ਹੋਰ ਸਟਾਫ਼ ਵੱਲੋਂ ਤੁਰੰਤ ਨੇੜਲੇ ਨਿੱਜੀ ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ, ਪਰ ਉਥੇ ਪਹੁੰਚਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਯੂਨੀਵਰਸਿਟੀ ਅਧਿਕਾਰੀਆਂ ਨੇ ਵਿਦਿਆਰਥਣ ਦਾ ਨਾਮ ਨਹੀਂ ਦੱਸਿਆ। ਉਂਝ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀ, ਫੈਕਲਟੀ ਮੈਂਬਰ ਅਤੇ ਆਰਟਸ ਫੈਕਲਟੀ ਸਟੂਡੈਂਟਸ ਯੂਨੀਅਨ ਦੇ ਨੁਮਾਇੰਦੇ ਹਸਪਤਾਲ ਗਏ। ਯੂਨੀਵਰਸਿਟੀ ਅਧਿਕਾਰੀਆਂ ਨੇ ਜਾਧਵਪੁਰ ਪੁਲੀਸ ਥਾਣੇ ਨੂੰ ਸੂਚਿਤ ਕੀਤਾ ਜਿਸ ਮਗਰੋਂ ਪੁਲੀਸ ਮੁਲਾਜ਼ਮ ਹਸਪਤਾਲ ਗਏ।
ਇਹ ਘਟਨਾ ਲੜਕਿਆਂ ਦੇ ਹੋਸਟਲ ਵਿੱਚ ਪਹਿਲੇ ਸਾਲ ਦੇ ਇੱਕ ਬੰਗਾਲੀ ਆਨਰਜ਼ ਵਿਦਿਆਰਥੀ ਦੀ ਉਸ ਦੇ ਸੀਨੀਅਰਾਂ ਵੱਲੋਂ ਕਥਿਤ ਰੈਗਿੰਗ ਤੋਂ ਬਾਅਦ ਬਾਲਕੋਨੀ ਤੋਂ ਡਿੱਗਣ ਕਾਰਨ ਮੌਤ ਦੇ ਦੋ ਸਾਲ ਬਾਅਦ ਵਾਪਰੀ ਹੈ। ਇਸ ਘਟਨਾ ਕਰਕੇ ਵੀ ਖਾਸਾ ਹੰਗਾਮਾ ਹੋਇਆ ਅਤੇ ਕਈ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ।