ਪੁਲੀਸ ਕਰਮੀਆਂ ’ਤੇ ਜਬਰ-ਜਨਾਹ ਦਾ ਦੋਸ਼ ਲਾਉਂਦਿਆਂ ਮਹਿਲਾ ਡਾਕਟਰ ਵੱਲੋਂ ਖੁਦਕੁਸ਼ੀ
ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਵਿੱਚ ਇੱਕ ਸਰਕਾਰੀ ਹਸਪਤਾਲ ਦੀ ਮਹਿਲਾ ਡਾਕਟਰ ਨੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ ਅਤੇ ਆਪਣੇ ਨੋਟ ਵਿੱਚ ਦੋ ਪੁਲੀਸ ਕਰਮੀਆਂ ’ਤੇ ਬਲਾਤਕਾਰ ਅਤੇ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ।
ਇੱਕ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਦੇਰ ਰਾਤ ਫਲਟਨ ਦੇ ਇੱਕ ਹੋਟਲ ਦੇ ਕਮਰੇ ਵਿੱਚ ਪੀੜਤ ਦੀ ਲਾਸ਼ ਲਟਕਦੀ ਮਿਲੀ, ਜਿਸ ਤੋਂ ਬਾਅਦ ਪੁਲੀਸ ਨੂੰ ਸੂਚਿਤ ਕੀਤਾ ਗਿਆ।
ਇੱਕ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਬੀਡ ਜ਼ਿਲ੍ਹੇ ਦੀ ਰਹਿਣ ਵਾਲੀ ਸੀ ਅਤੇ ਫਲਟਨ ਤਹਿਸੀਲ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਕੰਮ ਕਰਦੀ ਸੀ।
ਆਪਣੀ ਹਥੇਲੀ 'ਤੇ ਲਿਖੇ ਸੁਸਾਈਡ ਨੋਟ ਵਿੱਚ ਪੀੜਤ ਨੇ ਦੋਸ਼ ਲਗਾਇਆ ਕਿ ਪਿਛਲੇ ਪੰਜ ਮਹੀਨਿਆਂ ਤੋਂ ਸਤਾਰਾ ਪੁਲੀਸ ਦੇ ਦੋ ਕਰਮਚਾਰੀਆਂ ਵੱਲੋਂ ਉਸ ਨਾਲ ਜਬਰ ਜਨਾਹ ਕੀਤਾ ਗਿਆ ਅਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਗਿਆ।
ਉਸ ਨੇ ਲਿਖਿਆ ਕਿ ਸਬ-ਇੰਸਪੈਕਟਰ ਗੋਪਾਲ ਬਦਾਨੇ ਨੇ ਕਈ ਵਾਰ ਉਸ ਨਾਲ ਜਬਰ ਜਨਾਹ ਅਤੇ ਜਿਨਸੀ ਸ਼ੋਸ਼ਣ ਕੀਤਾ। ਇੱਕ ਹੋਰ ਕਰਮਚਾਰੀ ਪ੍ਰਸ਼ਾਂਤ ਬਾਂਕਰ ਨੇ ਉਸ ਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਕੀਤਾ।
ਸਤਾਰਾ ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ, "ਅਸੀਂ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਅਸੀਂ ਪੀੜਤ ਦੇ ਹੱਥ ’ਤੇ ਲਿਖੇ ਸੁਸਾਈਡ ਨੋਟ ਵਿੱਚ ਦੱਸੇ ਗਏ ਦੋਸ਼ਾਂ ਦੀ ਵੀ ਜਾਂਚ ਕਰ ਰਹੇ ਹਾਂ।’’
ਇਸ ਦੌਰਾਨ, ਮਹਾਰਾਸ਼ਟਰ ਮਹਿਲਾ ਕਮਿਸ਼ਨ ਦੀ ਮੁਖੀ ਰੂਪਾਲੀ ਚਾਕਣਕਰ ਨੇ ਕਿਹਾ, "ਅਸੀਂ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਸਤਾਰਾ ਪੁਲੀਸ ਨੂੰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਹੈ। ਦੋਸ਼ੀਆਂ ਦੀ ਭਾਲ ਲਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਮੰਦਭਾਗੀ ਘਟਨਾ ਵਿੱਚ ਸ਼ਾਮਲ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ।’’
