ਪੌਂਗ ਡੈਮ ’ਚੋਂ ਮੁੜ ਪਾਣੀ ਛੱਡਣ ਕਾਰਨ ਪਿੰਡਾਂ ’ਚ ਸਹਿਮ
ਪੰਜਾਬ ’ਚ ਸੈਂਕੜੇ ਪਿੰਡਾਂ ਦੇ ਫ਼ਿਕਰ ਅੱਜ ਉਸ ਵੇਲੇ ਵਧ ਗਏ ਜਦੋਂ ਪੌਂਗ ਡੈਮ ਦੇ ਫਲੱਡ ਗੇਟ ਦੁਬਾਰਾ ਖੋਲ੍ਹ ਦਿੱਤੇ ਗਏ। ਪੌਂਗ ਡੈਮ ਤੋਂ ਅੱਜ ਬਿਆਸ ਦਰਿਆ ਵਿੱਚ 22 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਹੈ ਜਿਸ ਮਗਰੋਂ ਹੁਣ ਬਿਆਸ ਦਰਿਆ ਵਿੱਚ 40 ਹਜ਼ਾਰ ਕਿਊਸਿਕ ਪਾਣੀ ਵਗਣ ਲੱਗਿਆ ਹੈ। ਤਾਜ਼ਾ ਵੇਰਵਿਆਂ ਅਨੁਸਾਰ ਪੌਂਗ ਡੈਮ ਵਿੱਚ ਅੱਜ ਦੁਪਹਿਰ ਮਗਰੋਂ ਪਹਾੜਾਂ ਤੋਂ ਪਾਣੀ ਦੀ ਆਮਦ 60 ਹਜ਼ਾਰ ਕਿਊਸਿਕ ਰਹਿ ਗਈ ਹੈ ਜਦੋਂਕਿ ਅੱਜ ਭਾਖੜਾ ਡੈਮ ਵਿੱਚ ਪਾਣੀ ਦੀ ਆਮਦ ਇਕਦਮ ਵਧ ਗਈ ਹੈ। ਪੰਜਾਬ ਸਰਕਾਰ ਡੈਮਾਂ ’ਚ ਪਾਣੀ ਦੀ ਆਮਦ ’ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਭਾਖੜਾ ਡੈਮ ਵਿੱਚ ਅੱਜ ਪਾਣੀ ਦਾ ਪੱਧਰ 1640 ਫੁੱਟ ਰਿਹਾ। ਭਾਖੜਾ ਡੈਮ ਵਿੱਚ ਅੱਜ ਦੁਪਹਿਰ ਤੋਂ ਪਹਿਲਾਂ ਪਹਾੜਾਂ ਤੋਂ ਪਾਣੀ ਦੀ ਆਮਦ 34 ਹਜ਼ਾਰ ਕਿਊਸਿਕ ਸੀ ਜੋ ਸ਼ਾਮ ਵਕਤ ਵਧ ਕੇ ਇਕਦਮ 95 ਹਜ਼ਾਰ ਕਿਊਸਿਕ ਹੋ ਗਈ ਹੈ। ਬੀਤੇ ਦਿਨ ਭਾਖੜਾ ਡੈਮ ਵਿੱਚ ਪਾਣੀ ਦੀ ਆਮਦ 50 ਹਜ਼ਾਰ ਕਿਊਸਿਕ ਸੀ। ਪੌਂਗ ਡੈਮ ਦਾ ਪਾਣੀ ਇਸ ਵੇਲੇ ਮਾਝੇ ਅਤੇ ਦੁਆਬੇ ਲਈ ਖ਼ਤਰਾ ਬਣ ਰਿਹਾ ਹੈ। ਭਾਖੜਾ ਡੈਮ ’ਚ ਪਾਣੀ ਦੀ ਵਧੀ ਆਮਦ ਨੇ ਮਾਲਵਾ ਖ਼ਿੱਤੇ ਨੂੰ ਫਿਕਰਾਂ ’ਚ ਪਾ ਦਿੱਤਾ ਹੈ।
ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਦੇਖੀਏ ਤਾਂ ਪਿਛਲੇ ਦੋ ਦਹਾਕੇ ਦੀ ਔਸਤ ਤੋਂ 25 ਫੁੱਟ ਵੱਧ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਅਤੇ ਪੰਜਾਬ ਸਰਕਾਰ ਡੈਮਾਂ ਵਿਚਲੇ ਪਾਣੀ ਨੂੰ ਲੈ ਕੇ 24 ਘੰਟੇ ਮੁਸਤੈਦ ਹਨ। ਘੱਗਰ ਵਿੱਚ ਵੀ ਪਾਣੀ ਦਾ ਪੱਧਰ ਵਧਣ ਕਰਕੇ ਪਟਿਆਲਾ ਪ੍ਰਸ਼ਾਸਨ ਨੇ ਰਾਜਪੁਰਾ ਅਤੇ ਘਨੌਰ ਖੇਤਰ ਦੇ ਲੋਕਾਂ ਨੂੰ ਚੌਕਸ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਹਰ ਜ਼ਿਲ੍ਹੇ ਵਿੱਚ ਕੰਟਰੋਲ ਰੂਮ ਸਥਾਪਤ ਕਰ ਦਿੱਤੇ ਹਨ। ਹੁਣ ਤੱਕ ਪਾਣੀ ਦੀ ਸਭ ਤੋਂ ਵੱਧ ਮਾਰ ਫ਼ਾਜ਼ਿਲਕਾ ਅਤੇ ਤਰਨ ਤਾਰਨ ਜ਼ਿਲ੍ਹੇ ਵਿੱਚ ਪਈ ਹੈ। ਫ਼ਿਰੋਜ਼ਪੁਰ ਜ਼ਿਲ੍ਹੇ ਦੇ ਕਿਸਾਨਾਂ ਵਿੱਚ ਘਬਰਾਹਟ ਬਣੀ ਹੋਈ ਹੈ। ਬਹੁਤੇ ਕਿਸਾਨਾਂ ਨੂੰ ਹੜ੍ਹਾਂ ਦੀ ਮਾਰ ਕਰਕੇ ਮੁੜ ਫ਼ਸਲ ਦੀ ਬਿਜਾਈ ਕਰਨੀ ਪਵੇਗੀ।
11 ਤੱਕ ਭਾਰੀ ਮੀਂਹ ਦੀ ਪੇਸ਼ੀਨਗੋਈ
ਮੌਸਮ ਵਿਭਾਗ ਨੇ 11 ਅਗਸਤ ਤੱਕ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ। 9 ਅਗਸਤ ਤੋਂ 11 ਅਗਸਤ ਦਰਮਿਆਨ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਗੱਲ ਕਹੀ ਗਈ ਹੈ। ਡੈਮਾਂ ਵਿੱਚ ਪਾਣੀ ਦੀ ਪਹਾੜਾਂ ’ਚੋਂ ਲਗਾਤਾਰ ਆਮਦ ਵੀ ਚੌਕਸ ਕਰ ਰਹੀ ਹੈ। ਘੱਗਰ ਵਿੱਚ ਪਾਣੀ ਦਾ ਪੱਧਰ ਵਧਦਾ ਹੈ ਤਾਂ ਇਸ ਨਾਲ ਪਟਿਆਲਾ ਅਤੇ ਸੰਗਰੂਰ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ।