ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਘੱਗਰ ’ਚ ਪਾਣੀ ਵਧਣ ਕਾਰਨ ਮਾਲਵਾ ’ਚ ਸਹਿਮ

ਪੌਂਗ ਤੇ ਰਣਜੀਤ ਸਾਗਰ ਡੈਮ ਵਿੱਚ ਪਾਣੀ ਘਟਿਆ; ਭਾਖਡ਼ਾ ਡੈਮ ’ਚ ਖ਼ਤਰੇ ਦੇ ਨਿਸ਼ਾਨ ਨੇਡ਼ੇ
Advertisement

ਪੰਜਾਬ ਵਿੱਚ ਅੱਜ ਮੀਂਹ ਨੇ ਜਿੱਥੇ ਲੋਕਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ, ਉੱਥੇ ਹੀ ਘੱਗਰ ਵਿੱਚ ਪਾਣੀ ਵਧਣ ਕਾਰਨ ਮਾਲਵਾ ਖੇਤਰ ਦੇ ਕਈ ਜ਼ਿਲ੍ਹਿਆਂ ਨੂੰ ਹੜ੍ਹਾਂ ਦਾ ਡਰ ਸਤਾਉਣ ਲੱਗਾ ਹੈ। ਘੱਗਰ ’ਚ ਪਾਣੀ ਦਾ ਪੱਧਰ ਵਧਣ ਕਾਰਨ ਪਟਿਆਲਾ, ਸੰਗਰੂਰ ਤੇ ਮਾਨਸਾ ਦੇ ਕਈ ਪਿੰਡਾਂ ਵਿੱਚ ਪਾਣੀ ਦਾਖਲ ਹੋ ਚੁੱਕਾ ਹੈ। ਸਤਲੁਜ ਵਿੱਚ ਪਾਣੀ ਦਾ ਪੱਧਰ ਘਟਣ ਕਰਕੇ ਲੁਧਿਆਣਾ ਦੇ ਪਿੰਡ ਸਸਰਾਲੀ ’ਚ ਧੁੱਸੀ ਬੰਨ੍ਹ ਟੁੱਟਣ ਤੋਂ ਬਚਾਅ ਹੋ ਗਿਆ ਹੈ। ਉਧਰ ਸਥਾਨਕ ਪ੍ਰਸ਼ਾਸਨ ਤੇ ਪਿੰਡ ਵਾਸੀਆਂ ਵੱਲੋਂ ਬੰਨ੍ਹ ਦੀ ਮਜ਼ਬੂਤੀ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਲੋਕਾਂ ਵੱਲੋਂ ਬੰਨ੍ਹ ਤੋਂ ਕੁਝ ਦੂਰੀ ’ਤੇ ਆਰਜ਼ੀ ਰਿੰਗ ਬੰਨ੍ਹ ਬਣਾਇਆ ਗਿਆ ਹੈ ਤਾਂ ਜੋ ਹੋਰ ਦਰਜਨਾਂ ਪਿੰਡਾਂ ਨੂੰ ਡੁੱਬਣ ਤੋਂ ਬਚਾਇਆ ਜਾ ਸਕੇ। ਘੱਗਰ ਨਦੀ ਅੱਜ ਸਵੇਰ ਤੋਂ ਪਾਣੀ ਦਾ ਪੱਧਰ ਲਗਾਤਾਰ ਵਧਣਾ ਜਾਰੀ ਰਿਹਾ, ਜਿਸ ਨੇ ਪਟਿਆਲਾ ਦੇ ਪਾਤੜਾਂ ਤੇ ਸ਼ੁਤਰਾਣਾ ਹਲਕੇ ਦੇ ਕਈ ਪਿੰਡਾਂ ਵਿੱਚ ਸਹਿਮ ਦਾ ਮਾਹੌਲ ਬਣਾ ਦਿੱਤਾ ਹੈ। ਇਸ ਦੇ ਨਾਲ ਹੀ ਅੱਗੇ ਸੰਗਰੂਰ ਤੇ ਮਾਨਸਾ ਨੂੰ ਵੀ ਹੜ੍ਹਾਂ ਦਾ ਡਰ ਸਤਾਉਣ ਲੱਗ ਪਿਆ ਹੈ। ਘੱਗਰ ਵਿੱਚ ਅੱਜ ਪਾਣੀ ਦਾ ਪੱਧਰ 750.5 ਫੁੱਟ ’ਤੇ ਦਰਜ ਕੀਤਾ ਗਿਆ ਜੋ ਕਿ ਖਤਰੇ ਦੇ ਨਿਸ਼ਾਨ ਤੋਂ ਦੋ ਫੁੱਟ ਉੱਪਰ ਹੈ। ਇੱਥੇ ਖਤਰੇ ਦਾ ਨਿਸ਼ਾਨ 748 ਫੁੱਟ ’ਤੇ ਹੈ। ਘੱਗਰ ਵਿੱਚ ਪਾਣੀ ਦੀ ਸਮਰੱਥਾ 12,200 ਕਿਊਸਕ ਦੀ ਹੈ, ਜਦਕਿ ਪਾਣੀ 14,425 ਕਿਊਸਿਕ ਵਗ ਰਿਹਾ ਹੈ। ਇਸ ਦੌਰਾਨ ਅੱਜ ਪਟਿਆਲਾ ਜ਼ਿਲ੍ਹੇ ਦੇ ਪਿੰਡ ਅਹਿਰੂ ’ਚ ਟਾਂਗਰੀ ਨਦੀ ਵਿੱਚ 5 ਨੌਜਵਾਨ ਡਿੱਗ ਗਏ ਹਨ, ਜਿਨ੍ਹਾਂ ’ਚੋਂ 4 ਨੂੰ ਬਚਾ ਲਿਆ ਗਿਆ ਹੈ, ਜਦਕਿ ਇਕ ਦੀ ਮੌਤ ਹੋ ਗਈ ਹੈ। ਦੂਜੇ ਪਾਸੇ ਪਹਾੜਾਂ ਵਿੱਚ ਅੱਜ ਬਹੁਤਾ ਮੀਂਹ ਨਾ ਪੈਣ ਕਰਕੇ ਡੈਮਾਂ ਵਿੱਚ ਪਾਣੀ ਦਾ ਪੱਧਰ ਵਧਣ ’ਤੇ ਠੱਲ੍ਹ ਪੈ ਗਈ ਹੈ। ਅੱਜ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1678.12 ਫੁੱਟ ਦਰਜ ਕੀਤਾ ਗਿਆ ਹੈ, ਜੋ ਦੋ ਦਿਨ ਪਹਿਲਾਂ 1679 ਫੁੱਟ ਤੋਂ ਪਾਰ ਕਰ ਗਿਆ ਸੀ। ਭਾਖੜਾ ਡੈਮ ਵਿੱਚ ਪਾਣੀ ਦੀ ਆਮਦ 51,332 ਕਿਊਸਕ ਦੀ ਹੋ ਰਹੀ ਸੀ, ਜਦਕਿ 70 ਹਜ਼ਾਰ ਕਿਊਸਕ ਪਾਣੀ ਛੱਡਿਆ ਜਾ ਰਿਹਾ ਸੀ। ਇਸੇ ਤਰ੍ਹਾਂ ਪੌਂਗ ਡੈਮ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਤਿੰਨ ਫੁੱਟ ਉੱਪਰ 1393.92 ਫੁੱਟ ਦਰਜ ਕੀਤਾ ਹੈ। ਪੌਂਗ ਡੈਮ ਵਿੱਚ ਪਾਣੀ ਦੀ ਆਮਦ ਸ਼ਾਮ ਸਮੇਂ 54,695 ਕਿਊਸਕ ਦਰਜ ਕੀਤੀ ਗਈ ਜਦਕਿ ਛੱਡਿਆ 99,889 ਕਿਊਸਕਜਾ ਰਿਹਾ ਸੀ। ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ 524.979 ਫੁੱਟ ’ਤੇ ਦਰਜ ਕੀਤਾ ਹੈ। ਇੱਥੇ ਪਾਣੀ ਦੀ ਆਮਦ 36,264 ਕਿਊਸਕ ਦਰਜ ਕੀਤੀ ਹੈ, ਜਦਕਿ ਛੱਡਿਆ 38,820 ਕਿਊਸਕ ਜਾ ਰਿਹਾ ਹੈ।

 

Advertisement

ਮੀਂਹ ਨੇ ਪੰਜਾਬ ਦੇ ਲੋਕਾਂ ਦੀ ਚਿੰਤਾ ਵਧਾਈ

ਪੰਜਾਬ ਵਿੱਚ ਅੱਜ ਸਵੇਰ ਤੋਂ ਪੈ ਰਹੇ ਮੀਂਹ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਅੱਜ ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਮਾਨਸਾ, ਮੁਹਾਲੀ, ਰੋਪੜ, ਨਵਾਂ ਸ਼ਹਿਰ ਤੇ ਹੋਰ ਆਲੇ-ਦੁਆਲੇ ਦੇ ਇਲਾਕੇ ਵਿੱਚ ਭਾਰੀ ਮੀਂਹ ਪਿਆ ਹੈ। ਮੌਸਮ ਵਿਗਿਆਨੀਆਂ ਨੇ ਅਗਲੇ ਦਿਨਾਂ ਵਿੱਚ ਮੌਸਮ ਸਾਫ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਪੰਜਾਬ ਵਿੱਚ 4 ਲੱਖ ਤੋਂ ਵੱਧ ਲੋਕ ਹੜ੍ਹਾਂ ਕਾਰਨ ਪ੍ਰਭਾਵਿਤ ਹਨ। ਸੂਬਾ ਸਰਕਾਰ ਵੱਲੋਂ 22 ਹਜ਼ਾਰ ਦੇ ਕਰੀਬ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ।

Advertisement
Show comments