ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਿਸਾਨਾਂ ਦਾ ਕਰਜ਼ ਮੁਆਫ਼, ਐੱਮਐੱਸਪੀ ਦੀ ਵੀ ਗਾਰੰਟੀ: ਰਾਹੁਲ

ਪੰਜਾਬ ’ਚ ਵਧ ਰਹੇ ਨਸ਼ਿਆਂ ’ਤੇ ਜਤਾਈ ਚਿੰਤਾ; ਵੜਿੰਗ ਤੇ ਗਾਂਧੀ ਦੇ ਹੱਕ ’ਚ ਕੀਤੀਆਂ ਰੈਲੀਆਂ
ਪਟਿਆਲਾ ’ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ। -ਫੋਟੋ: ਰਾਜੇਸ਼ ਸੱਚਰ
Advertisement

* ਮੂਸੇਵਾਲਾ ਨੂੰ ਦਿੱਤੀਆਂ ਸ਼ਰਧਾਂਜਲੀਆਂ

ਗਗਨਦੀਪ ਅਰੋੜਾ/ਸੰਤੋਖ ਸਿੰਘ ਗਿੱਲ/ਗੁਰਨਾਮ ਸਿੰਘ ਅਕੀਦਾ

Advertisement

ਲੁਧਿਆਣਾ/ਮੁੱਲਾਂਪੁਰ ਦਾਖਾ/ਪਟਿਆਲਾ, 29 ਮਈ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਕੇਂਦਰ ’ਚ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣਨ ’ਤੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇਗਾ ਅਤੇ ਫ਼ਸਲਾਂ ’ਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇਗੀ। ਪੰਜਾਬ ’ਚ ਨਸ਼ੇ ਦੀ ਸਮੱਸਿਆ ਲਗਾਤਾਰ ਵਧਣ ਦਾ ਦਾਅਵਾ ਕਰਦਿਆਂ ਰਾਹੁਲ ਨੇ ਇਸ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਵਿਰੁੱਧ ਪੂਰੀ ਇਮਾਨਦਾਰੀ ਅਤੇ ਜ਼ੋਰਦਾਰ ਢੰਗ ਨਾਲ ਜੰਗ ਵਿੱਢਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੰਗਲਵਾਰ ਨੂੰ ਨਸ਼ਿਆਂ ਦਾ ਮੁੱਦਾ ਚੁੱਕਿਆ ਸੀ।

ਲੁਧਿਆਣਾ ਵਿੱਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸਵੇਾਲਾ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਰਾਹੁਲ ਗਾਂਧੀ। -ਫੋਟੋ: ਪੀਟੀਆਈ

ਪੰਜਾਬ ’ਚ ਹੁਕਮਰਾਨ ਧਿਰ ‘ਆਪ’ ਵੀ ਗੱਠਜੋੜ ਦਾ ਹਿੱਸਾ ਹੈ ਪਰ ਉਹ ਤੇ ਕਾਂਗਰਸ ਸੂਬੇ ’ਚ ਵੱਖੋ ਵੱਖਰੇ ਚੋਣਾਂ ਲੜ ਰਹੇ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਪਾਰਟੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਮੁੱਲਾਂਪੁਰ ਦਾਖਾ ਅਤੇ ਧਰਮਵੀਰ ਗਾਂਧੀ ਲਈ ਪਟਿਆਲਾ ’ਚ ਭਰਵੀਂ ਰੈਲੀਆਂ ਕੀਤੀਆਂ। ਰਾਹੁਲ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ 800 ਦੇ ਕਰੀਬ ਕਿਸਾਨ ਸ਼ਹੀਦ ਹੋਏ ਸਨ ਪਰ ਮੋਦੀ ਸਰਕਾਰ ’ਤੇ ਕੋਈ ਅਸਰ ਨਹੀਂ ਪਿਆ ਸੀ ਤੇ ਹੁਣ ਗੱਠਜੋੜ ਦੀ ਸਰਕਾਰ ਬਣਦੇ ਸਾਰ ਅੰਦੋਲਨ ਦੌਰਾਨ ਫ਼ੌਤ ਹੋਏ ਕਿਸਾਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇਗਾ। ‘ਪੰਜਾਬ ਦੇ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਜੋ ਅਰਥਚਾਰੇ ਵਿਚ ਵੱਡਾ ਹਿੱਸਾ ਪਾਉਂਦੇ ਹਨ ਪਰ ਮੋਦੀ ਨੇ ਕਿਸਾਨਾਂ ਨੂੰ ਨੁਕਸਾਨ ਪਹੁੰਚਾ ਕੇ ਉਨ੍ਹਾਂ ਦਾ ਸਾਰਾ ਹਿੱਸਾ ਅਡਾਨੀ ਅਤੇ ਅੰਬਾਨੀ ਨੂੰ ਦੇ ਦਿੱਤਾ।’ ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਜੋ ਲੀਡਰ, ਆਗੂ ਅਤੇ ਵਰਕਰ ਕੰਮ ਕਰ ਰਹੇ ਹਨ, ਉਨ੍ਹਾਂ ਬੱਬਰ ਸ਼ੇਰਾਂ ਨੂੰ ਸਰਕਾਰ ਬਣਨ ਤੇ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ ਅਤੇ ਦੇਸ਼ ਨੂੰ ਚਲਾਉਣ ’ਚ ਉਨ੍ਹਾਂ ਦੀ ਪੂਰਨ ਰੂਪ ਵਿਚ ਭਾਗੀਦਾਰੀ ਹੋਵੇਗੀ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਹਰ ਮਹੀਨੇ 8500 ਰੁਪਏ ਦਿੱਤੇ ਜਾਣਗੇ ਅਤੇ ਆਂਗਨਵਾੜੀ ਵਰਕਰਾਂ ਜਾਂ ਆਸ਼ਾ ਵਰਕਰਾਂ ਦੇ ਭੱਤੇ ਸਰਕਾਰ ਬਣਨ ’ਤੇ ਦੁੱਗਣੇ ਕਰ ਦਿੱਤੇ ਜਾਣਗੇ।

ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਲਈ ਵੋਟਰਾਂ ਨੂੰ ਅਪੀਲ ਕਰਦੇ ਹੋਏ ਰਾਹੁਲ ਗਾਂਧੀ। -ਫ਼ੋਟੋ - ਗਿੱਲ

‘ਇੰਡੀਆ’ ਗੱਠਜੋੜ ਦੀ ਸਰਕਾਰ ਬਣਨ ’ਤੇ ਅਗਨੀਪਥ ਯੋਜਨਾ ਬੰਦ ਕਰਨ ਦਾ ਵਾਅਦਾ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਜਵਾਨਾਂ ਤੇ ਹਥਿਆਰਬੰਦ ਬਲਾਂ ’ਤੇ ਹਮਲਾ ਅਤੇ ਉਨ੍ਹਾਂ ਦਾ ਅਪਮਾਨ ਹੈ। ਉਨ੍ਹਾਂ ਕਿਹਾ,‘‘ਇਹ ਚੋਣ ਸੰਵਿਧਾਨ ਨੂੰ ਬਚਾਉਣ ਲਈ ਹੈ ਕਿਉਂਕਿ ਭਾਜਪਾ ਤੋਂ ਸੰਵਿਧਾਨ ਨੂੰ ਖਤਰਾ ਹੈ। ਭਾਜਪਾ ਆਗੂ ਖੁੱਲ੍ਹੇਆਮ ਆਖ ਰਹੇ ਹਨ ਕਿ ਜੇਕਰ ਉਹ ਜਿੱਤਣਗੇ ਤਾਂ ਸੰਵਿਧਾਨ ਬਦਲ ਦੇਣਗੇ ਪਰ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਹੈ ਜੋ ਸੰਵਿਧਾਨ ਬਦਲ ਜਾਂ ਰੱਦ ਕਰ ਸਕੇ।’’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਲੋਕਾਂ ਨੂੰ ਧਰਮ, ਖੇਤਰ, ਜਾਤੀ ਅਤੇ ਸੂਬੇ ਦੇ ਨਾਮ ’ਤੇ ਵੰਡਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਉਹ ਦੇਸ਼ ’ਚ ਸਿਰਫ਼ 22-25 ਲੋਕਾਂ ਦਾ ਰਾਜ ਚਾਹੁੰਦੇ ਹਨ ਜਿਨ੍ਹਾਂ ਨੂੰ ਉਨ੍ਹਾਂ ਬੰਦਰਗਾਹਾਂ, ਹਵਾਈ ਅੱਡੇ, ਬੁਨਿਆਦੀ ਢਾਂਚੇ ਤੇ ਬਿਜਲੀ ਯੋਜਨਾਵਾਂ ਸਮੇਤ ਹੋਰ ਸਰਕਾਰੀ ਜਾਇਦਾਦਾਂ ਦੇ ਦਿੱਤੀਆਂ ਹਨ। ਰਾਹੁਲ ਨੇ ਐਲਾਨ ਕੀਤਾ ਕਿ ਜਿਸ ਤਰ੍ਹਾਂ ਮੋਦੀ ਨੇ ਸਿਰਫ਼ 22 ਅਰਬਪਤੀ ਬਣਾਏ ਹਨ, ਉਸੇ ਤਰ੍ਹਾਂ ਕਾਂਗਰਸ ਕਰੋੜਾਂ ਲੋਕਾਂ ਨੂੰ ਲੱਖਪਤੀ ਬਣਾਏਗੀ। ਉਨ੍ਹਾਂ ਕਿਹਾ ਕਿ ਨਵੇਂ ਗ੍ਰੈਜੂਏਟ ਤੇ ਡਿਪਲੋਮਾ ਧਾਰਕਾਂ ਲਈ ਵੀ ਇੱਕ ਯੋਜਨਾ ਹੋਵੇਗੀ ਅਤੇ ਘੱਟੋ ਘੱਟ ਦਿਹਾੜੀ ਮੌਜੂਦਾ 250 ਰੁਪਏ ਤੋਂ ਵਧਾ ਕੇ 400 ਰੁਪਏ ਕੀਤੀ ਜਾਵੇਗੀ। ਰਾਹੁਲ ਨੇ ਪਟਿਆਲਾ ਤੋਂ ਉਮੀਦਵਾਰ ਡਾ. ਧਰਮਵੀਰ ਗਾਂਧੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ 50 ਸਾਲਾਂ ਤੋਂ ਮੁਹੱਬਤ ਦੀ ਦੁਕਾਨ ਖੋਲ੍ਹ ਕੇ ਆਮ ਲੋਕਾਂ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਆਸ ਜਤਾਈ ਕਿ ਲੋਕ ਡਾ. ਗਾਂਧੀ ਨੂੰ ਵੱਡੇ ਫਰਕ ਨਾਲ ਜਿਤਾ ਕੇ ਸੰਸਦ ਭੇਜਣਗੇ। ਡਾ. ਧਰਮਵੀਰ ਗਾਂਧੀ ਨਾਲ ਦੁਪਹਿਰ ਦਾ ਖਾਣਾ ਖਾਣ ਦਾ ਜ਼ਿਕਰ ਕਰਦਿਆਂ ਰਾਹੁਲ ਨੇ ਕਿਹਾ ਕਿ ਅਜਿਹੇ ਵਿਅਕਤੀ ਸਿਆਸਤ ਵਿਚ ਆਉਣੇ ਚਾਹੀਦੇ ਹਨ ਤਾਂ ਜੋ ਦੇਸ਼ ਦੀ ਵਿਗੜ ਰਹੀ ਹਾਲਤ ਸੁਧਾਰੀ ਜਾ ਸਕੇ। ਮੁੱਲਾਂਪੁਰ ਦਾਖਾ ’ਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਮੰਚ ’ਤੇ ਹਾਜ਼ਰ ਸਨ।

ਪਟਿਆਲਾ ਵਿੱਚ ਰੈਲੀ ਦੌਰਾਨ ਪਾਰਟੀ ਉਮੀਦਵਾਰ ਧਰਮਵੀਰ ਗਾਂਧੀ ਦੇ ਨਾਲ ਕਾਂਗਰਸੀ ਆਗੂ ਰਾਹੁਲ ਗਾਂਧੀ। -ਫੋਟੋ: ਪੀਟੀਆਈ

ਮੂਸੇਵਾਲਾ ਦੀ ਦੂਜੀ ਬਰਸੀ ਮੌਕੇ ਰਾਹੁਲ ਗਾਂਧੀ, ਰਾਜਾ ਵੜਿੰਗ ਅਤੇ ਬਲਕੌਰ ਸਿੰਘ ਨੇ ਗਾਇਕ ਦੀ ਸਟੇਜ ਉਪਰ ਰੱਖੀ ਆਦਮਕੱਦ ਤਸਵੀਰ ਉਪਰ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਦੋਹਾਂ ’ਚ ਸਿੱਧੂ ਮੂਸੇਵਾਲਾ ਦੀ ਹੱਤਿਆ ਨੂੰ ਲੈ ਕੇ ਚਰਚਾ ਹੋਈ। ਬਲਕੌਰ ਸਿੰਘ ਨੇ ਇਨਸਾਫ਼ ਦੀ ਮੰਗ ਕੀਤੀ ਤਾਂ ਰਾਹੁਲ ਗਾਂਧੀ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ ’ਤੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ।

ਰਾਹੁਲ ਨੇ ਅਗਨੀਵੀਰ ਸ਼ਹੀਦ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਰਾਹੁਲ ਗਾਂਧੀ।

ਅਮਰਗੜ੍ਹ (ਰਾਜਿੰਦਰ ਜੈਦਕਾ): ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਪਿੰਡ ਰਾਮਗੜ੍ਹ ਸਰਦਾਰਾਂ ’ਚ ਅਗਨੀਵੀਰ ਸ਼ਹੀਦ ਅਜੇ ਕੁਮਾਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਰਾਹੁਲ ਨੇ ਕਿਹਾ ਕਿ ਕੇਂਦਰ ’ਚ ਕਾਂਗਰਸ ਸਰਕਾਰ ਬਣਦੇ ਸਾਰ ਹੀ ਅਗਨੀਵੀਰ ਸਕੀਮ ਦਾ ਖ਼ਾਤਮਾ ਕੀਤਾ ਜਾਵੇਗਾ ਅਤੇ ਫ਼ੌਜ ’ਚ ਰੈਗੂਲਰ ਭਰਤੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਭਰਤੀ ਹੋਏ ਅਗਨੀਵਰਾਂ ਨੂੰ ਵੀ ਰੈਗੂਲਰ ਕੀਤਾ ਜਾਵੇਗਾ। ‘ਭਾਜਪਾ ਨੇ ਅਗਨੀਵੀਰ ਸਕੀਮ ਲਿਆ ਕੇ ਦੇਸ਼ ਦੇ ਨੌਜਵਾਨਾਂ ਨਾਲ ਵੱਡਾ ਧੋਖਾ ਕੀਤਾ ਹੈ। ਭਰਤੀ ਹੋਏ ਨੌਜਵਾਨਾਂ ਨੂੰ ਦੇਸ਼ ਦੀਆਂ ਸਰਹੱਦਾਂ ਤੇ ਤਾਇਨਾਤ ਕੀਤਾ ਜਾਂਦਾ ਹੈ ਅਤੇ ਚਾਰ ਸਾਲ ਮਗਰੋਂ ਉਨ੍ਹਾਂ ਨੂੰ ਬਿਨਾਂ ਪੈਨਸ਼ਨ ਤੇ ਹੋਰ ਸਹੂਲਤਾਂ ਤੋਂ ਵਾਪਸ ਭੇਜ ਦਿੱਤਾ ਜਾਂਦਾ ਹੈ।’ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ ਵਾਲੀ ਹੈ ਅਤੇ ਦੇਸ਼ ਦੀ ਤਰੱਕੀ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਸਮਿਤ ਸਿੰਘ ਮਾਨ ਅਤੇ ਦਸ਼ਮੇਸ਼ ਮਕੈਨੀਕਲ ਵਰਕਸ ਦੇ ਐੱਮਡੀ ਸਵਰਨਜੀਤ ਸਿੰਘ ਵੀ ਹਾਜ਼ਰ ਸਨ।

Advertisement