ਵਿਦੇਸ਼ ਮੰਤਰੀ ਜੈਸ਼ੰਕਰ ਤਿੰਨ ਰੋਜ਼ਾ ਫੇਰੀ ਲਈ ਮਾਸਕੋ ਰਵਾਨਾ
ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਰੂਸ ਦੀ ਤਿੰਨ ਰੋਜ਼ਾ ਫੇਰੀ ਲਈ ਅੱਜ ਮਾਸਕੋ ਰਵਾਨਾ ਹੋ ਗਏ। ਉਨ੍ਹਾਂ ਦੀ ਇਸ ਫੇਰੀ ਦਾ ਮੁੱਖ ਮਕਸਦ ਭਾਰਤ-ਰੂਸ ਦੀ ‘ਸਮੇਂ ਦੀ ਕਸੌਟੀ ’ਤੇ ਖਰੀ ਉਤਰੀ’ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨਾ ਹੈ। ਜੈਸ਼ੰਕਰ ਅਜਿਹੇ ਮੌਕੇ ਰੂਸ ਗਏ ਹਨ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤੀ ਵਸਤਾਂ ’ਤੇ ਟੈਰਿਫ (ਟੈਕਸ) ਦੁੱਗਣਾ ਕਰਕੇ 50 ਫੀਸਦ ਕੀਤੇ ਜਾਣ ਦੇ ਫੈਸਲੇ ਕਰਕੇ ਭਾਰਤ-ਅਮਰੀਕਾ ਰਿਸ਼ਤਿਆਂ ਵਿਚ ਤਣਾਅ ਹੈ। ਇਸ ਫੀਸ ਵਿੱਚ ਰੂਸ ਤੋਂ ਕੱਚੇ ਤੇਲ ਦੀ ਖਰੀਦ ’ਤੇ ਲਗਾਇਆ ਗਿਆ 25 ਫੀਸਦ ਜੁਰਮਾਨਾ ਵੀ ਸ਼ਾਮਲ ਹੈ।
ਵਿਦੇਸ਼ ਮੰਤਰਾਲੇ ਨੇ ਜੈਸ਼ੰਕਰ ਦੇ ਰੂਸ ਦੌਰੇ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਹ ਬੁੱਧਵਾਰ ਨੂੰ ਭਾਰਤ-ਰੂਸ ਅੰਤਰ-ਸਰਕਾਰੀ ਕਮਿਸ਼ਨ ਵਪਾਰ, ਆਰਥਿਕ, ਵਿਗਿਆਨਕ, ਤਕਨੀਕੀ ਅਤੇ ਸੱਭਿਆਚਾਰਕ ਸਹਿਯੋਗ ਦੇ 26ਵੇਂ ਸੈਸ਼ਨ ਦੀ ਸਹਿ-ਪ੍ਰਧਾਨਗੀ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਜੈਸ਼ੰਕਰ ਅਤੇ ਉਨ੍ਹਾਂ ਦੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਯੂਕਰੇਨ ਵਿੱਚ ਸ਼ਾਂਤੀ ਲਿਆਉਣ ਲਈ ਟਰੰਪ ਪ੍ਰਸ਼ਾਸਨ ਦੀ ਨਵੀਂ ਪਹਿਲਕਦਮੀ ’ਤੇ ਵੀ ਚਰਚਾ ਕਰਨਗੇ। ਵਿਦੇਸ਼ ਮੰਤਰਾਲੇ ਨੇ ਇੱਕ ਸੰਖੇਪ ਬਿਆਨ ਵਿੱਚ ਕਿਹਾ ਕਿ ਇਸ ਦੌਰੇ ਦੌਰਾਨ, ਵਿਦੇਸ਼ ਮੰਤਰੀ ਦੁਵੱਲੇ ਏਜੰਡੇ ਦੀ ਸਮੀਖਿਆ ਕਰਨਗੇ ਅਤੇ ਖੇਤਰੀ ਅਤੇ ਵਿਸ਼ਵਵਿਆਪੀ ਮੁੱਦਿਆਂ ’ਤੇ ਰੂਸੀ ਵਿਦੇਸ਼ ਮੰਤਰੀ ਨਾਲ ਵਿਚਾਰ ਸਾਂਝੇ ਕਰਨਗੇ। ਬਿਆਨ ਵਿੱਚ ਕਿਹਾ ਗਿਆ ਹੈ, ‘‘ਇਸ ਦੌਰੇ ਦਾ ਉਦੇਸ਼ ਭਾਰਤ ਅਤੇ ਰੂਸ ਵਿਚਕਾਰ ਲੰਬੇ ਸਮੇਂ ਤੋਂ ਚੱਲੀ ਆ ਰਹੀ ਅਤੇ ਸਮੇਂ ਦੀ ਕਸੌਟੀ ਤੋਂ ਪਰਖੀ ਗਈ ਵਿਸ਼ੇਸ਼ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨਾ ਹੈ।’’