ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁਹਾਲੀ ਦੀ ਆਕਸੀਜਨ ਸਿਲੰਡਰ ਫੈਕਟਰੀ ’ਚ ਧਮਾਕਾ; ਦੋ ਮੌਤਾਂ

ਘਟਨਾ ’ਚ ਚਾਰ ਜ਼ਖ਼ਮੀ; ਮੁਹਾਲੀ ’ਚ ਤਿੰਨ ਕਿਲੋਮੀਟਰ ਤੱਕ ਸੁਣਾਈ ਦਿੱਤੀ ਧਮਾਕਿਆਂ ਦੀ ਆਵਾਜ਼
ਧਮਾਕੇ ਵਾਲੀ ਥਾਂ ’ਤੇ ਜਾਂਚ ਕਰਦੀ ਹੋਈ ਪੁਲੀਸ। -ਫੋਟੋ: ਵਿੱਕੀ ਘਾਰੂ
Advertisement

 

ਇਥੋਂ ਦੇ ਫੇਜ਼ ਨੌਂ ਦੇ ਉਦਯੋਗਿਕ ਖੇਤਰ ਵਿਖੇ ਪਲਾਟ ਨੰਬਰ 315-16 ’ਚ ਆਕਸੀਜਨ ਦੇ ਸਿਲੰਡਰ ਭਰਨ ਵਾਲੀ ਹਾਈਟੈੱਕ ਇੰਡਸਟਰੀ ਲਿਮਟਿਡ ਫੈਕਟਰੀ ਵਿਚ ਅੱਜ ਸਵੇਰੇ 9 ਵਜੇ ਸਿਲੰਡਰ ਫਟਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਮੁਹੰਮਦ ਆਸਿਫ਼ (25) ਪੁੱਤਰ ਮਜੀਦ ਵਾਸੀ ਲਖਨਊ (ਯੂਪੀ) ਅਤੇ ਦਵਿੰਦਰ ਕੁਮਾਰ (27) ਪੁੱਤਰ ਹਰੀ ਪ੍ਰਸਾਦ ਵਾਸੀ ਗ੍ਰਾਮ ਸਿਹਾਰੀ (ਯੂਪੀ) ਵਜੋਂ ਹੋਈ ਹੈ। ਫੇਜ਼-ਛੇ ਦੇ ਜ਼ਿਲ੍ਹਾ ਹਸਪਤਾਲ ਵਿਚ ਚਾਰ ਜ਼ਖ਼ਮੀਆਂ ਨੂੰ ਦਾਖ਼ਲ ਕਰਵਾਇਆ ਗਿਆ ਹੈ ਜਿਨ੍ਹਾਂ ਦੀ ਸਰਵੇਸ਼ (45), ਅਸ਼ੋਕ (44), ਸਚਿਨ (24) ਅਤੇ ਅਕਬਰ (50) ਵਜੋਂ ਪਛਾਣ ਹੋਈ ਹੈ।

Advertisement

ਧਮਾਕੇ ਇੰਨੇ ਜ਼ੋਰਦਾਰ ਸਨ ਕਿ ਉਨ੍ਹਾਂ ਦੀ ਆਵਾਜ਼ ਤਿੰਨ ਕਿਲੋਮੀਟਰ ਤੱਕ ਸੁਣਾਈ ਦਿੱਤੀ। ਨੇੜਲੇ ਪਿੰਡ ਕੰਬਾਲਾ ਦੇ ਸਰਪੰਚ ਗੁਰਮੁਖ ਸਿੰਘ ਨੇ ਦੱਸਿਆ ਕਿ ਧਮਾਕੇ ਨਾਲ ਪਿੰਡ ਵਿਚ ਮਕਾਨਾਂ ਦੇ ਸ਼ੀਸ਼ੇ ਬੁਰੀ ਤਰ੍ਹਾਂ ਕੰਬ ਉੱਠੇ ਅਤੇ ਧਰਤੀ ਵੀ ਹਿੱਲ ਗਈ। ਧਮਾਕੇ ਸਮੇਂ ਫੈਕਟਰੀ ਵਿਚ 20 ਤੋਂ ਵੱਧ ਮੁਲਾਜ਼ਮ ਕੰਮ ਕਰ ਰਹੇ ਸਨ। ਫੈਕਟਰੀ ਵਿਚ ਆਕਸੀਜਨ ਅਤੇ ਨਾਈਟਰੋਜਨ ਗੈਸ ਬਣਾਉਣ ਦਾ ਪਲਾਂਟ ਹੈ, ਜਿਸ ਦੀ ਸਪਲਾਈ ਹਸਪਤਾਲਾਂ ਅਤੇ ਹੋਰ ਖੇਤਰ ਵਿਚ ਹੁੰਦੀ ਹੈ। ਧਮਾਕਿਆਂ ਕਾਰਨ ਫੈਕਟਰੀ ਦਾ ਦਫ਼ਤਰ ਅਤੇ ਸੀਮਿੰਟ ਦੀ ਛੱਤ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਮ੍ਰਿਤਕਾਂ ਦੇ ਅੰਗ ਕਈ ਥਾਵਾਂ ’ਤੇ ਖਿੰਡ ਗਏ। ਡੀਐੱਸਪੀ ਹਰਸਿਮਰਨ ਸਿੰਘ ਬੱਲ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਲਾਸ਼ਾਂ ਦਾ ਵੀਰਵਾਰ ਨੂੰ ਪੋਸਟਮਾਰਟਮ ਹੋਵੇਗਾ।

ਲਾਸ਼ਾਂ ਹਸਪਤਾਲ ਲਿਜਾਏ ਜਾਣ ਸਮੇਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਤਿੱਖਾ ਵਿਰੋਧ ਕੀਤਾ। ਉਹ ਇਨਸਾਫ਼ ਦੀ ਮੰਗ ਕਰਦਿਆਂ ਐਂਬੂਲੈਂਸ ਅੱਗੇ ਲੇਟ ਗਏ। ਪੁਲੀਸ ਨੇ ਪੀੜਤ ਪਰਿਵਾਰਾਂ ਨੂੰ ਸ਼ਾਂਤ ਕਰਕੇ ਲਾਸ਼ਾਂ ਹਸਪਤਾਲ ਪਹੁੰਚਾਈਆਂ। ਪੁਲੀਸ ਨੇ ਪੂਰਾ ਇਲਾਕਾ ਖਾਲੀ ਕਰਵਾ ਕੇ ਸਾਰੇ ਸਿਲੰਡਰਾਂ ਦੀ ਜਾਂਚ ਕੀਤੀ। ਮੌਕੇ ’ਤੇ ਪਹੁੰਚੇ ਜ਼ਿਲ੍ਹਾ ਪੁਲੀਸ ਮੁਖੀ ਹਰਮਨਦੀਪ ਹਾਂਸ ਨੇ ਦੱਸਿਆ ਕਿ ਬਾਕੀ ਸਾਰੇ ਸਿਲੰਡਰ ਠੀਕ ਪਾਏ ਗਏ ਹਨ ਅਤੇ ਕਿਸੇ ਵੀ ਹੋਰ ਸਿਲੰਡਰ ਵਿਚ ਕੋਈ ਲੀਕੇਜ ਨਹੀਂ ਮਿਲੀ। ਮੁਹਾਲੀ ਦੀ ਐੱਸਡੀਐੱਮ ਦਮਨਜੀਤ ਕੌਰ ਨੇ ਬਚਾਅ ਕਾਰਜਾਂ ਦੀ ਨਿਗਰਾਨੀ ਕੀਤੀ। ਉਨ੍ਹਾਂ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਦੇ ਜੀਅ ਛੁੱਟੀ ਉਪਰੰਤ ਓਵਰਟਾਈਮ ਲਗਾ ਰਹੇ ਸਨ। ਫੈਕਟਰੀ ਦੇ ਮਾਲਕ ਆਰਐੱਸ ਸਚਦੇਵਾ ਨੇ ਦੱਸਿਆ ਕਿ ਜਿਸ ਵੇਲੇ ਹਾਦਸਾ ਹੋਇਆ ਉਸ ਵੇਲੇ ਉਹ ਫੈਕਟਰੀ ਵਿਚ ਨਹੀਂ ਸਨ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਹਾਦਸੇ ਦਾ ਸ਼ਿਕਾਰ ਹੋਏ ਕਰਮਚਾਰੀਆਂ ਦੇ ਮੁੜ ਵਸੇਬੇ ਦਾ ਪ੍ਰਬੰਧ ਅਤੇ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ। ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਜਿਨ੍ਹਾਂ ਵਿਚ ਪਰਵਿੰਦਰ ਸਿੰਘ ਸੋਹਾਣਾ, ਕੁਲਜੀਤ ਸਿੰਘ ਬੇਦੀ, ਕੌਂਸਲਰ ਸਰਬਜੀਤ ਸਿੰਘ ਸਮਾਣਾ ਆਦਿ ਨੇ ਮੌਕੇ ’ਤੇ ਪਹੁੰਚ ਕੇ ਪੀੜਤਾਂ ਨਾਲ ਦੁੱਖ ਵੰਡਾਇਆ। ਕਾਂਗਰਸ ਆਗੂ ਬਲਬੀਰ ਸਿੰਘ ਸਿੱਧੂ, ਸੰਜੀਵ ਵਸ਼ਿਸ਼ਟ ਅਤੇ ਹੋਰਾਂ ਨੇ ਵੀ ਘਟਨਾ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਘਟਨਾ ’ਤੇ ਦੁੱਖ ਪ੍ਰਗਟਾਇਆ

ਮੁੱਖ ਮੰਤਰੀ ਭਗਵੰਤ ਮਾਨ ਨੇ ਆਕਸੀਜਨ ਪਲਾਂਟ ਵਿਚ ਸਿਲੰਡਰ ਫਟਣ ਕਾਰਨ ਵਾਪਰੇ ਹਾਦਸੇ ’ਤੇ ਅਫ਼ਸੋਸ ਪ੍ਰਗਟਾਇਆ ਹੈ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ। ਮੁੱਖ ਮੰਤਰੀ ਨੇ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਹਾਲਾਤ ਦਾ ਜਾਇਜ਼ਾ ਲੈ ਰਿਹਾ ਹੈ।

Advertisement