ਆਸਟਰੇਲੀਆ ਦੇ ਮੁੱਢ ਕਦੀਮੀ ਸਿੱਖਾਂ ਬਾਰੇ ਪ੍ਰਦਰਸ਼ਨੀ
ਇੱਥੇ ਮੁੱਢ ਕਦੀਮੀ ਆਏ ਭਾਰਤੀਆਂ ਬਾਰੇ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ ਹੈ। ਇਸ ਤਹਿਤ ਆਸਟਰੇਲੀਅਨ ਇਤਿਹਾਸਕਾਰ ਤੇ ਲੇਖਕ ਜੋੜੀ ਲੈੱਨ ਕੇਨਾ ਤੇ ਕ੍ਰਿਸਟਲ ਜੌਰਡਨ ਨੇ ਆਸਟਰੇਲੀਅਨ ਇੰਡੀਅਨ ਹਿਸਟਰੀ ਦੇ ਬੈਨਰ ਹੇਠ ਭਾਈਚਾਰੇ ਦੀਆਂ ਗਤੀਵਿਧੀਆਂ ਨੂੰ ਪਰੋਣ ਦਾ ਕੰਮ ਕੀਤਾ ਹੈ। ਪ੍ਰਦਰਸ਼ਨੀ ’ਚ ਭਾਰਤ ਤੋਂ ਆਸਟਰੇਲੀਆ ਵਿੱਚ ਸਿੱਖ ਪਰਵਾਸ ਦੇ ਇਤਿਹਾਸ, ਉਨ੍ਹਾਂ ਨੂੰ ਦਰਪੇਸ਼ ਚੁਣੌਤੀਆਂ ਤੇ ਸਿੱਖਾਂ ਦੇ ਯੋਗਦਾਨ ਨੂੰ ਦਿਖਾਇਆ ਗਿਆ ਹੈ। ਇਸ ਵਿੱਚ 1840 ਤੋਂ 1901 ਦੇ ਵੇਲੇ ਨੂੰ ਤਸਵੀਰਾਂ ਤੇ ਚਿੱਤਰਕਲਾ ਜ਼ਰੀਏ ਪੇਸ਼ ਕੀਤਾ ਗਿਆ ਹੈ, ਜੋ ਸਿੱਖਾਂ ਦੇ ਉਸ ਵੇਲੇ ਦੇ ਰੋਜ਼ੀ-ਰੋਟੀ ਦੇ ਮੌਕਿਆਂ, ਸਮਾਜਿਕ ਤੇ ਧਾਰਮਿਕ ਰਿਵਾਜ਼ਾਂ ’ਤੇ ਚਾਨਣਾ ਪਾਉਂਦੀਆਂ ਹਨ।
ਲੇਖਕ ਕੇਨਾ ਨੇ ਦੱਸਿਆ ਕਿ ਸਿੱਖਾਂ ਨੇ 1840 ਦੇ ਦਹਾਕੇ ਤੋਂ ‘ਵ੍ਹਾਈਟ ਆਸਟਰੇਲੀਆ ਪਾਲਿਸੀ’ ਦੇ ਲਾਗੂ ਹੋਣ ਤੱਕ ਆਸਟਰੇਲੀਆ ਵਿੱਚ ਪਰਵਾਸ ਕੀਤਾ। ਦੇਸ਼ ਪੁੱਜਣ ’ਤੇ ਉਨ੍ਹਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਬਹੁਤੇ ਸਿੱਖਾਂ ਨੇ ਹਾਕਰ ਵਜੋਂ ਗਲੀਆਂ ਮੁਹੱਲਿਆਂ ’ਚ ਪੈਦਲ ਤੇ ਟਾਂਗਿਆਂ ਰਾਹੀਂ ਹੋਕਾ ਦੇ ਕੇ ਕਮਾਈ ਕੀਤੀ। ਔਖੇ ਵੇਲਿਆਂ ’ਚ ਵੀ ਸਿੱਖਾਂ ਨੇ ਆਪਣੀ ਕਿਰਤ ਕਮਾਈ ’ਚੋਂ ਲੋੜਵੰਦ ਲੋਕਾਂ ਦੀ ਮਦਦ ਕੀਤੀ ਤੇ ਹਸਪਤਾਲ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਦਾਨ ਦਿੱਤਾ। ਪ੍ਰਦਰਸ਼ਨੀ ਬਾਰੇ ਮੈਂਬਰ ਪਾਰਲੀਮੈਂਟ ਐਨਾਬੇਲ ਕਲੀਲੈਂਡ ਨੇ ਕਿਹਾ ਕਿ ਉਹ ਇਸ ਗੱਲੋਂ ਅਣਜਾਣ ਸਨ ਕਿ ਸਦੀ ਪਹਿਲਾਂ ਵੀ ਸਿੱਖ ਇੱਥੇ ਵਿਚਰਦੇ ਸਨ, ਜਿਨ੍ਹਾਂ ਨੇ ਆਸਟਰੇਲੀਆ ਨੂੰ ਵਿਕਸਿਤ ਮੁਲਕ ਬਣਾਉਣ ’ਚ ਯੋਗਦਾਨ ਪਾਇਆ। ਇਸ ਮੌਕੇ 1920 ’ਚ ਆਸਟਰੇਲੀਆ ਆਏ ਮਹਿੰਗਾ ਸਿੰਘ ਉਰਫ਼ ਚਾਰਲਸ ਸਿੰਘ ਦੇ ਪੋਤਰਾ ਬਲਜਿੰਦਰ ਸਿੰਘ ਤੇ ਪੜਪੋਤਰਾ ਪਾਰੁਲ ਸਿੰਘ ਵੀ ਸ਼ਾਮਿਲ ਹੋਏ।