Ex DGP murder case: ਪਤਨੀ ਨੇ ਚਾਕੂ ਨਾਲ ਵਾਰ ਕਰਨ ਤੋਂ ਪਹਿਲਾਂ ਅੱਖਾਂ ’ਚ ਲਾਲ ਮਿਰਚਾਂ ਧੂੜੀਆਂ
ਬੰਗਲੂਰੂ, 21 ਅਪਰੈਲ
ਕਰਨਾਟਕ ਦੇ ਸਾਬਕਾ ਡੀਜੀਪੀ ਓਮ ਪ੍ਰਕਾਸ਼ ਦੇ ਕਤਲ ਮਾਮਲੇ ਦੀ ਜਾਂਚ ਕਰ ਰਹੀ ਪੁਲੀਸ ਨੂੰ ਪਤਾ ਲੱਗਾ ਹੈ ਕਿ ਉਨ੍ਹਾਂ ਦੀ ਪਤਨੀ ਪੱਲਵੀ ਨੇ ਚਾਕੂ ਮਾਰ ਕੇ ਹੱਤਿਆ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਚਿਹਰੇ ’ਤੇ ਲਾਲ ਮਿਰਚਾਂ ਧੂੜੀਆਂ ਸਨ। ਪੁਲੀਸ ਨੇ ਪੱਲਵੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਕਿਉਂਕਿ ਉਹ ਕਤਲ ਕੇਸ ਦੀ ਮੁੱਖ ਮਸ਼ਕੂਕ ਹੈ। ਪੁਲੀਸ ਨੇ ਸਾਬਕਾ ਡੀਜੀਪੀ ਦੀ ਧੀ ਕ੍ਰਿਤੀ ਨੂੰ ਵੀ ਹਿਰਾਸਤ ਵਿੱਚ ਲਿਆ ਹੈ।
ਸਾਬਕਾ ਡੀਜੀਪੀ ਓਮ ਪ੍ਰਕਾਸ਼, ਜੋ ਬਿਹਾਰ ਦਾ ਰਹਿਣ ਵਾਲਾ ਤੇ 1981 ਬੈਚ ਦਾ ਆਈਪੀਐਸ ਅਧਿਕਾਰੀ ਸੀ, ਐਤਵਾਰ ਨੂੰ ਸ਼ਹਿਰ ਦੇ ਪਾਸ਼ ਐਚਐਸਆਰ ਲੇਅਆਊਟ ਵਿੱਚ ਆਪਣੇ ਤਿੰਨ ਮੰਜ਼ਿਲਾ ਘਰ ਦੀ ਜ਼ਮੀਨੀ ਮੰਜ਼ਿਲ ’ਤੇ ਮ੍ਰਿਤ ਮਿਲਿਆ ਸੀ। ਸੂਤਰਾਂ ਨੇ ਦਾਅਵਾ ਕੀਤਾ ਕਿ ਦੰਪਤੀ ਦਰਮਿਆਨ ਤਲਖ ਕਲਾਮੀ ਤੋਂ ਬਾਅਦ ਪੱਲਵੀ ਨੇ ਪ੍ਰਕਾਸ਼ ਦੀਆਂ ਅੱਖਾਂ ਵਿਚ ਲਾਲ ਮਿਰਚਾਂ ਧੂੜ ਦਿੱਤੀਆਂ ਸਨ। ਸੂਤਰਾਂ ਮੁਤਾਬਕ ਕਰਨਾਟਕ ਦੇ ਸਾਬਕਾ ਪੁਲੀਸ ਮੁਖੀ ਅੱਖਾਂ ਵਿਚ ਜਲਣ ਤੋਂ ਰਾਹਤ ਪਾਉਣ ਲਈ ਜਿਵੇਂ ਹੀ ਭੱਜ ਰਹੇ ਸਨ ਤਾਂ ਪੱਲਵੀ ਨੇ ਚਾਕੂ ਨਾਲ ਕਈ ਵਾਰ ਕੀਤੇ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਉਪਰੰਤ ਪੱਲਵੀ ਨੇ ਆਪਣੀ ਸਹੇਲੀ ਨੂੰ ਵੀਡੀਓ ਕਾਲ ਕੀਤੀ ਅਤੇ ਕਥਿਤ ਤੌਰ ’ਤੇ ਕਿਹਾ, ‘ਮੈਂ ਉਸ ਰਾਖਸ਼ ਨੂੰ ਮਾਰ ਦਿੱਤਾ ਹੈ।’’ ਸੂਤਰਾਂ ਨੇ ਦੱਸਿਆ ਕਿ ਇਹ ਕਤਲ ਦੰਪਤੀ ਵਿਚਕਾਰ ਅਕਸਰ ਹੋਣ ਵਾਲੇ ਝਗੜਿਆਂ ਦਾ ਸਿੱਟਾ ਸੀ। ਇਹ ਵੀ ਪਤਾ ਲੱਗਾ ਹੈ ਕਿ ਕਰਨਾਟਕ ਦੇ ਡਾਂਡੇਲੀ ਵਿੱਚ ਇੱਕ ਜ਼ਮੀਨ ਨਾਲ ਸਬੰਧਤ ਵਿਵਾਦ ਸੀ। ਕੁਝ ਮਹੀਨੇ ਪਹਿਲਾਂ ਪੱਲਵੀ ਨੇ ਸ਼ਿਕਾਇਤ ਦਰਜ ਕਰਵਾਉਣ ਲਈ ਐੱਚਐੱਸਆਰ ਲੇਆਊਟ ਪੁਲੀਸ ਥਾਣੇ ਵਿਚ ਸੰਪਰਕ ਕੀਤਾ ਸੀ। ਜਦੋਂ ਥਾਣੇ ਦੇ ਸਟਾਫ ਨੇ ਸਹਿਮਤੀ ਨਹੀਂ ਦਿੱਤੀ, ਤਾਂ ਉਸ ਨੇ ਪੁਲੀਸ ਸਟੇਸ਼ਨ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ।
ਇਹ ਵੀ ਪਤਾ ਲੱਗਾ ਹੈ ਕਿ ਪੱਲਵੀ ਨੂੰ ਸਕਾਈਜ਼ੋਫਰੀਨੀਆ ਦਾ ਪਤਾ ਲੱਗਿਆ ਸੀ ਅਤੇ ਉਹ ਦਵਾਈ ਵੀ ਲੈ ਰਹੀ ਸੀ। ਓਮ ਪ੍ਰਕਾਸ਼ ਬਿਹਾਰ ਦੇ ਚੰਪਾਰਨ ਦਾ ਰਹਿਣ ਵਾਲਾ ਸੀ ਤੇ ਭੂ-ਵਿਗਿਆਨ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਸੀ। ਪ੍ਰਕਾਸ਼ ਨੂੰ 1 ਮਾਰਚ, 2015 ਨੂੰ ਪੁਲੀਸ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਸੀ। -ਪੀਟੀਆਈ
