ਮਹੀਨੇ ਬਾਅਦ ਵੀ ਜ਼ੁਬੀਨ ਦੀ ਮੌਤ ਦੇ ਕਾਰਨਾਂ ਨਹੀਂ ਲੱਗਿਆ ਪਤਾ
ਗਾਇਕ ਜ਼ੁਬੀਨ ਗਰਗ ਦੀ ਮੌਤ 19 ਸਤੰਬਰ ਨੂੰ ਸਿੰਗਾਪੁਰ ਵਿੱਚ ਸਮੁੰਦਰ ਵਿੱਚ ਤੈਰਦੇ ਸਮੇਂ ਹੋਈ ਸੀ।
ਜ਼ੁਬੀਨ ਦੀ ਪਤਨੀ ਗਰੀਮਾ ਨੇ ਕਿਹਾ ਕਿ ਪਰਿਵਾਰ ਸੂਬੇ ਦੇ ਲੋਕਾਂ ਦੇ ਨਾਲ ਇਹ ਜਾਣਨ ਦੀ ਉਡੀਕ ਕਰ ਰਿਹਾ ਹੈ ਕਿ ਉਸ ਦੇ ਆਖਰੀ ਪਲਾਂ ਵਿੱਚ ਕੀ ਹੋਇਆ ਸੀ। ਉਨ੍ਹਾਂ ਸੱਚਾਈ ਸਾਹਮਣੇ ਲਿਆਉਣ ਲਈ ਕਾਨੂੰਨੀ ਪ੍ਰਕਿਰਿਆ ’ਤੇ ਭਰੋਸਾ ਜਤਾਇਆ।
ਅੱਜ ਸਵੇਰੇ ਗੁਹਾਟੀ ਦੇ ਬਾਹਰਵਾਰ ਸੋਨਾਪੁਰ ਵਿੱਚ ਜ਼ੁਬੀਨ ਦੇ ਸਸਕਾਰ ਸਥਾਨ ’ਤੇ ਸੈਂਕੜੇ ਲੋਕ ਇਕੱਠੇ ਹੋਏ ਅਤੇ ਗਾਇਕ-ਸੰਗੀਤਕਾਰ ਨੂੰ ਸ਼ਰਧਾਂਜਲੀ ਭੇਟ ਕੀਤੀ।
ਪ੍ਰਸ਼ੰਸਕਾਂ ਨੇ ਜ਼ੁਬੀਨ ਦੇ ਕਾਹਿਲੀਪਾਰਾ ਖੇਤਰ ਵਿੱਚ ਪੈਂਦੇ ਘਰ ਅਤੇ ਜ਼ੂ ਰੋਡ ਖੇਤਰ ’ਚ ਸਟੂਡੀਓ ਦਾ ਦੌਰਾ ਕੀਤਾ।
ਰਾਜ ਪੁਲੀਸ ਦੀ CID ਦੀ 10 ਮੈਂਬਰੀ ਵਿਸ਼ੇਸ਼ ਜਾਂਚ ਟੀਮ (SIT) ਗਾਇਕ ਦੀ ਮੌਤ ਦੀ ਜਾਂਚ ਕਰ ਰਹੀ ਹੈ, ਜਿਸ ਤਹਿਤ ਹੁਣ ਤੱਕ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਸਿੰਗਾਪੁਰ ਪੁਲੀਸ ਵੀ ਆਪਣੀ ਜਾਂਚ ਕਰ ਰਹੀ ਹੈ, ਅਸਾਮ ਦੇ SIT ਅਧਿਕਾਰੀ ਮਾਮਲੇ ਦੀ ਤਹਿ ਤੱਕ ਜਾਣ ਲਈ ਦੱਖਣ-ਪੂਰਬੀ ਏਸ਼ੀਆਈ ਦੇਸ਼ ਦਾ ਦੌਰਾ ਕਰਨ ਲਈ ਤਿਆਰ ਹਨ।
ਜ਼ੁਬੀਨ ਦੇ ਸਟੂਡੀਓ ਵਿੱਚ ਹੋਈਆਂ ਵੈਦਿਕ ਰਸਮਾਂ ਦੌਰਾਨ ਗਾਇਕ ਦੇ ਪਿਤਾ, ਪਤਨੀ, ਭੈਣ ਅਤੇ ਹੋਰ ਵੱਡੀ ਗਿਣਤੀ ਲੋਕ ਸ਼ਾਮਲ ਹੋਏ।
ਸਟੂਡੀਓ ਦੇ ਬਾਹਰ ਗੱਲਬਾਤ ਕਰਦਿਆਂ ਗਰਿਮਾ ਨੇ ਕਿਹਾ, ‘‘ਸਟੂਡੀਓ ਉਸ ਨੂੰ ਪਿਆਰਾ ਸੀ। ਕਿਉਂਕਿ ਸ਼ੁਰੂਆਤੀ ਰਸਮਾਂ ਸਾਡੇ ਨਿਵਾਸ ਸਥਾਨ ਅਤੇ ਜੋਰਹਾਟ ਵਿੱਚ ਕੀਤੀਆਂ ਗਈਆਂ ਸਨ, ਇਸ ਲਈ ਅਸੀਂ ਇੱਥੇ ਇੱਕ ਮਹੀਨਾ ਪੂਰਾ ਹੋਣ ’ਤੇ ਵੈਦਿਕ ਰਸਮਾਂ ਕਰਨ ਦਾ ਫ਼ੈਸਲਾ ਲਿਆ।’’
ਉਨ੍ਹਾਂ ਕਿਹਾ, ‘‘ਸਾਨੂੰ ਜਾਂਚ ਵਿੱਚ ਵਿਸ਼ਵਾਸ ਹੈ। ਜੇ ਅਸੀਂ ਆਪਣੀ ਕਾਨੂੰਨੀ ਪ੍ਰਣਾਲੀ ’ਤੇ ਨਹੀਂ ਤਾਂ ਕਿਸ ’ਤੇ ਭਰੋਸਾ ਕਰੀਏ? ਜ਼ੁਬੀਨ ਇੱਕ ਸਿੱਧਾ-ਸਾਦਾ ਬੰਦਾ ਸੀ ਅਤੇ ਅਸੀਂ ਸਿੱਧੀ-ਸਾਦੀ ਜਾਂਚ ਚਾਹੁੰਦੇ ਹਾਂ। ਅਸੀਂ ਸਾਰੇ ਸ਼ਾਂਤੀ ਨਾਲ ਇਹ ਜਾਣਨ ਲਈ ਉਡੀਕ ਕਰ ਰਹੇ ਹਾਂ ਕਿ ਕੀ ਵਾਪਰਿਆ। ਅਸਾਮ ਦੇ ਲੋਕ ਇਹ ਜਾਣਨ ਲਈ ਉਡੀਕ ਕਰ ਰਹੇ ਹਨ ਕਿ ਉਸ ਦੇ ਆਖਰੀ ਪਲਾਂ ਵਿੱਚ ਕੀ ਹੋਇਆ।’’
ਅੱਜ ਵੱਡੀ ਗਿਣਤੀ ਲੋਕ ਆਪਣੇ ਮਹਿਬੂਬ ਗਾਇਕ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ।