ਈਥਾਨੌਲ ਪਾਲਿਸੀ ਨੇ ਕਿਸਾਨਾਂ ਨੂੰ ਨਹੀਂ, ਸਗੋਂ ਗਡਕਰੀ ਨੂੰ ਅਮੀਰ ਬਣਾਇਆ: ਕਾਂਗਰਸ
ਇੱਥੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਤਰਜਮਾਨ ਪਵਨ ਖੇੜਾ ਨੇ ਦੱਸਿਆ ਕਿ ਮੋਦੀ ਸਰਕਾਰ ਨਗਰ ਨਿਗਮ ਦੇ ਕੂੜੇ ਅਤੇ ਲੱਕੜ ਦੇ ਬਾਇਓਮਾਸ ਤੋਂ ਈਥਾਨੌਲ ਪੈਦਾ ਕਰਨ ਦੇ ਆਪਣੇ 2014 ਦੇ ਵਾਅਦੇ ਨੂੰ ਪੂਰਾ ਕਰਨ ਵਿੱਚ ਅਸਫ਼ਲ ਰਹੀ ਹੈ।
ਉਨ੍ਹਾਂ ਕਿਹਾ, ‘‘ਸੱਤ ਸਾਲ ਬਾਅਦ ਇੱਕ ਵੀ ਲਿਟਰ ਈਥਾਨੌਲ ਰਹਿੰਦ-ਖੂੰਹਦ ਤੋਂ ਨਹੀਂ ਆਇਆ ਹੈ। ਪੈਦਾ ਹੋਏ 627 ਕਰੋੜ ਲਿਟਰ ਈਥਾਨੌਲ ਵਿੱਚੋਂ 56 ਫ਼ੀਸਦੀ ਗੰਨੇ ਤੋਂ ਅਤੇ ਬਾਕੀ ਅਨਾਜ ਤੋਂ ਆਉਂਦਾ ਹੈ।’’
ਪਵਨ ਖੇੜਾ ਨੇ ਖੇੜਾ ਨੇ ਗਡਕਰੀ ਦੇ ਪੁੱਤਰਾਂ, ਨਿਖਿਲ ਅਤੇ ਸਾਰੰਗ ਗਡਕਰੀ ’ਤੇ ਆਪਣੇ ਪਿਤਾ ਵੱਲੋਂ ਬਣਾਈਆਂ ਗਈਆਂ ਨੀਤੀਆਂ ਤੋਂ ਲਾਭ ਲੈਣ ਦਾ ਦੋਸ਼ ਲਗਾਇਆ। ਉਨ੍ਹਾਂ ਦਾਅਵਾ ਕੀਤਾ ਕਿ ਨਿਖਿਲ ਦੀ ਕੰਪਨੀ Cian Agro Industries & Infrastructure Limited ਨੇ ਜੂਨ, 2024 ਵਿੱਚ 18 ਕਰੋੜ ਰੁਪਏ ਦੀ ਆਮਦਨ ਦਰਜ ਕੀਤੀ, ਜੋ ਇੱਕ ਸਾਲ ਬਾਅਦ 523 ਕਰੋੜ ਰੁਪਏ ਹੋ ਗਈ। ਇਸ ਦੇ ਸ਼ੇਅਰ ਦੀ ਕੀਮਤ ਜਨਵਰੀ, 2025 ਵਿੱਚ 37.45 ਰੁਪਏ ਤੋਂ ਵੱਧ ਕੇ 638 ਰੁਪਏ ਹੋ ਗਈ, ਜੋ ਕਿ 2,100 ਫ਼ੀਸਦੀ ਤੋਂ ਵੱਧ ਦਾ ਵਾਧਾ ਹੈ। ਸਾਰੰਗ ਗਡਕਰੀ Manas Agro Industries ਦਾ ਮਾਲਕ ਹੈ, ਜੋ ਕਿ ਈਥਾਨੌਲ ਕਾਰੋਬਾਰ ਵਿੱਚ ਵੀ ਹੈ।
ਕਾਂਗਰਸ ਨੇਤਾ ਨੇ ਕਿਹਾ, ‘‘ਪਿਤਾ ਨੀਤੀ ਤਿਆਰ ਕਰਦੇ ਹਨ, ਪੁੱਤਰ ਇਸ ਤੋਂ ਲਾਹਾ ਲੈਂਦੇ ਹਨ।’’
ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਗਡਕਰੀ ਦੀਆਂ ਪਰਿਵਾਰਕ ਫਰਮਾਂ ਵਧੀਆਂ, ਪੈਟਰੋਲ ਦੀਆਂ ਕੀਮਤਾਂ ਵਧੀਆਂ, ਈਥਾਨੌਲ ਮਿਸ਼ਰਨ ਕਾਰਨ ਵਾਹਨਾਂ ਦੇ ਇੰਜਣਾਂ ਨੂੰ ਨੁਕਸਾਨ ਪਹੁੰਚਿਆ ਅਤੇ ਕਿਸਾਨ ਸਸਤੇ ਭਾਅ ’ਤੇ ਆਪਣਾ ਅਨਾਜ ਵੇਚਣ ਲਈ ਮਜਬੂਰ ਸਨ। ਉਨ੍ਹਾਂ ਕਿਹਾ, ‘‘ਨੀਤੀ ਆਯੋਗ ਖੁਦ ਮੰਨਦਾ ਹੈ ਕਿ ਮੁਨਾਫ਼ਾ ਛੇ ਫ਼ੀਸਦੀ ਡਿੱਗ ਗਿਆ ਹੈ।’’
ਇਸ ਮੁੱਦੇ ਨੂੰ ਇੱਕ ਵਿਸ਼ਾਲ ਪੈਟਰਨ ਨਾਲ ਜੋੜਦਿਆਂ ਖੇੜਾ ਨੇ ਕਿਹਾ ਕਿ ਮੋਦੀ ‘ਭਤੀਜਿਆਂ ਦੇ ਸਮੂਹ’ ਨਾਲ ਘਿਰੇ ਹੋਏ ਸਨ। ਉਨ੍ਹਾਂ ਅਮਿਤ ਸ਼ਾਹ, ਜਯੋਤੀਰਾਦਿੱਤਿਆ ਸਿੰਧੀਆ ਅਤੇ ਅਜੀਤ ਡੋਵਾਲ ਦੇ ਪੁੱਤਰਾਂ ਦਾ ਨਾਮ ਉਦਾਹਰਨ ਵਜੋਂ ਲਿਆ।
ਪਵਨ ਖੇੜਾ ਨੇ ਕਿਹਾ, ‘‘ਕੁਝ ਭਤੀਜੇ ਟੀ-20 ਟੂਰਨਾਮੈਂਟਾਂ ਰਾਹੀਂ ਪੈਸਾ ਕਮਾਉਂਦੇ ਹਨ, ਕੁਝ ਈ-20 ਈਥਾਨੌਲ ਰਾਹੀਂ।’’ ਉਨ੍ਹਾਂ ਕਿਹਾ ਕਿ ਸਰਕਾਰ ਅਧੀਨ ਸਿਆਸਤ ਅਤੇ ਕਾਰੋਬਾਰ ਵਿਚਾਲੇ ਗੱਠਜੋੜ ਡੂੰਘਾ ਹੋ ਗਿਆ ਹੈ।
ਕਾਂਗਰਸ ਨੇਤਾ ਨੇ ਦੋਸ਼ ਲਾਇਆ ਕਿ ਰੂਸ ਤੋਂ ਆਯਾਤ ਕੀਤੇ ਗਏ ਸਸਤੇ ਕੱਚੇ ਤੇਲ ਨੂੰ ਪ੍ਰਧਾਨ ਮੰਤਰੀ ਦੇ ਕਰੀਬੀਆਂ ਦੀਆਂ ਕੰਪਨੀਆਂ ਵੱਲੋਂ ਸੋਧਿਆ ਜਾ ਰਿਹਾ ਸੀ, ਫਿਰ ਟੈਕਸ ਜੋੜਨ ਤੋਂ ਪਹਿਲਾਂ ਗਡਕਰੀ ਦੇ ਪੁੱਤਰਾਂ ਵੱਲੋਂ ਚਲਾਈਆਂ ਜਾ ਰਹੀਆਂ ਈਥਾਨੌਲ ਫੈਕਟਰੀਆਂ ਨੂੰ ਦੇ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ, ‘‘ਇਹ ਇੱਕ ਅਜਿਹਾ ਸਿਸਟਮ ਹੈ ਜਿੱਥੇ ਚਾਚਾ ਵੋਟਾਂ ਹੜੱਪਦਾ ਹੈ ਅਤੇ ਭਤੀਜੇ ਪੈਸੇ ਹੜੱਪਦੇ ਹਨ।’’
ਆਪਣੇ ਸਵਾਲ ਸਿੱਧੇ ਪ੍ਰਧਾਨ ਮੰਤਰੀ ਵੱਲ ਮੋੜਦਿਆਂ ਖੇੜਾ ਨੇ ਕਿਹਾ, “2021 ਵਿੱਚ ਤੁਸੀਂ ਦਾਅਵਾ ਕੀਤਾ ਸੀ ਕਿ 20 ਫ਼ੀਸਦੀ ਈਥਾਨੌਲ ਮਿਸ਼ਰਨ ਕਿਸਾਨਾਂ ਦੀ ਆਮਦਨ ਨੂੰ ਵਧਾਏਗਾ। ਅੰਕੜੇ ਦਿਖਾਓ, ਉਨ੍ਹਾਂ ਨੂੰ ਅਸਲ ਵਿੱਚ ਕਿੰਨਾ ਲਾਭ ਹੋਇਆ? ਜੇਕਰ ਪੈਟਰੋਲ 55 ਰੁਪਏ ਪ੍ਰਤੀ ਲਿਟਰ ਹੋਣਾ ਸੀ, ਤਾਂ ਲੋਕ ਦੁੱਗਣਾ ਕਿਉਂ ਅਦਾ ਕਰ ਰਹੇ ਹਨ? ਗਡਕਰੀ ਦੇ ਪੁੱਤਰਾਂ ਨੂੰ ਲਾਭ ਕਿਉਂ ਹੋਇਆ ਜਦੋਂ ਕਿ ਖਪਤਕਾਰਾਂ ਨੂੰ ਨਹੀਂ?”
ਕਾਂਗਰਸ ਨੇ 2014 ਤੋਂ 2025 ਦਰਮਿਆਨ ਪੈਟਰੋਲ ਅਤੇ ਡੀਜ਼ਲ ’ਤੇ ਸੈੱਸ ਵਜੋਂ ਇਕੱਠੇ ਕੀਤੇ ਗਏ ਲਗਭਗ 40 ਲੱਖ ਕਰੋੜ ਰੁਪਏ ਦਾ ਪੂਰਾ ਹਿਸਾਬ ਮੰਗਿਆ। ਖੇੜਾ ਨੇ ਪੁੱਛਿਆ, ‘‘ਸਰਕਾਰ ਭ੍ਰਿਸ਼ਟਾਚਾਰ ਲਈ ਜ਼ੀਰੋ ਟਾਲਰੈਂਸ ਦੀ ਗੱਲ ਕਰਦੀ ਹੈ ਅਤੇ ਸੰਵਿਧਾਨਕ ਸੋਧਾਂ ਨੂੰ ਅੱਗੇ ਵਧਾਉਂਦੀ ਹੈ। ਇਸ ਤੋਂ ਪਹਿਲਾਂ ਕੀ ਤੁਸੀਂ ਆਪਣੇ ਹੀ ਭਤੀਜਿਆਂ ਦੀ ਬ੍ਰਿਗੇਡ ਦੀ ਜਾਂਚ ਦਾ ਆਦੇਸ਼ ਦੇਵੋਗੇ?’’